ਸਟਾਫ ਰਿਪੋਰਟਰ, ਖੰਨਾ : ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਗੌੜੇ ਅੰਮ੍ਰਿਤਪਾਲ ਸਿੰਘ ਦੇ ਗੰਨਮੈਨ ਤੇਜਿੰਦਰ ਸਿੰਘ ਗਿੱਲ ਉਰਫ ‘ਗੋਰਖਾ ਬਾਬਾ’ ਨੂੰ ਪਨਾਹ ਦੇਣ ਵਾਲੇ ਅਨਸਰ ਬਲਵੰਤ ਸਿੰਘ ਨੂੰ ਵੀ ਪੁਲਿਸ ਨੇ ਕਾਬੂ ਕਰ ਲਿਆ ਹੈ। ਬਲਵੰਤ ਮਲੌਦ ਦੇ ਪਿੰਡ ਕੂਹਲੀ ਖੁਰਦ ਦਾ ਰਹਿਣ ਵਾਲਾ ਹੈ, ਜਿਸ ਨੇ ਆਪਣੇ ਘਰ ’ਤੇ ਹੀ ਦੋ ਦਿਨ ਤੱਕ ਗੋਰਖਾ ਬਾਬੇ ਨੂੰ ਪਨਾਹ ਦਿੱਤੀ ਸੀ। ਐੱਸਐੱਸਪੀ ਅਮਨੀਤ ਕੌਂਡਲ ਨੇ ਗ੍ਰਿਫਤਾਰੀ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਬਲਵੰਤ ਕੂਹਲੀ ਸਮੇਤ ਇਕ ਹੋਰ ਅਨਸਰ ਨੂੰ ਸ਼ੁੱਕਰਵਾਰ ਨੂੰ ਮਾਮਲੇ ’ਚ ਨਾਮਜਦ ਕੀਤਾ ਗਿਆ ਸੀ। ਬਲਵੰਤ ਨੂੰ ਤੇਜਿੰਦਰ ‘ਗੋਰਖਾ ਬਾਬਾ’ ਵੱਲੋਂ ਕੀਤੇ ਗਏ ਖੁਲਾਸੇ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ, ਜੋ ਅੰਮ੍ਰਿਤਪਾਲ ਦਾ ਗੰਨਮੈਨ ਵੀ ਸੀ ਤੇ ਉਸਦੀ ਕਰੀਬੀ ਸੁਰੱਖਿਆ ਟੀਮ (ਸੀਪੀਟੀ) ਦਾ ਮੈਂਬਰ ਸੀ। ਗੋਰਖੇ ਬਾਬੇ ਨੂੰ ਮਲੌਦ ਪੁਲਿਸ ਨੇ 22 ਮਾਰਚ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਂਗੇਵਾਲ ਪਿੰਡ ਦੇ ਇਕ ਹੋਰ ਮੁਲਜ਼ਮ ਬਿਕਰਮਜੀਤ ਸਿੰਘ, ਜਿਸ ਨੂੰ 22 ਮਾਰਚ ਨੂੰ ਹਿਰਾਸਤ ’ਚ ਲੈ ਕੇ ਗੋਇੰਦਵਾਲ ਜੇਲ੍ਹ ’ਚ ਰੱਖਿਆ ਗਿਆ ਸੀ ਅਤੇ ਪ੍ਰੋਡਕਸ਼ਨ ਵਾਰੰਟ ’ਤੇ ਖੰਨਾ ਲਿਆਉਣ ਤੋਂ ਬਾਅਦ ਗ੍ਰਿਫਤਾਰ ਕੀਤਾ ਜਾਵੇਗਾ। ਅਧਿਕਾਰੀ ਨੇ ਕਿਹਾ ਕਿ ਬਿਕਰਮਜੀਤ, ਗੋਰਖਾ ਬਾਬਾ ਨੂੰ ਆਪਣੇ ਆਸ-ਪਾਸ ਹੋਣ ਵਾਲੀ ਘਟਨਾਵਾਂ ਬਾਰੇ ਜਾਣਕਾਰੀ ਦਿੰਦਾ ਰਹਿੰਦਾ ਸੀ। ਦੋਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

Posted By: Sandip Kaur