ਸੁਰਿੰਦਰ ਅਰੋੜਾ, ਮੁੱਲਾਂਪੁਰ ਦਾਖਾ : ਮੁੱਲਾਂਪੁਰ ਫਲਾਈਓਵਰ 'ਤੇ ਕੈਂਟਰ ਨਾਲ ਬਲੈਰੋ ਜੀਪ ਟਕਰਾਉਣ ਕਾਰਨ ਜੀਪ ਚਾਲਕ ਜ਼ਖ਼ਮੀ ਹੋ ਗਿਆ ਤੇ ਉਸ ਦੇ ਨਾਲ ਬੈਠੇ ਸਾਥੀ ਦੀ ਮੌਕੇ 'ਤੇ ਮੌਤ ਹੋ ਗਈ।

ਹਾਦਸੇ ਬਾਰੇ ਜਾਣਕਾਰੀ ਮੁਤਾਬਕ ਸਬਜ਼ੀ ਨਾਲ ਭਰੀ ਬਲੈਰੋ ਜੀਪ ਕੁੱਲੂ ਤੋਂ ਵਾਇਆ ਲੁਧਿਆਣਾ ਹੋ ਕੇ ਮੋਗਾ ਜਾ ਰਹੀ ਸੀ। ਜਦੋਂ ਉਹ ਫਲਾਈਓਵਰ 'ਤੇ ਚੜ੍ਹੀ ਹੀ ਸੀ ਤਾਂ ਅੱਗੇ ਲੂਣ ਨਾਲ ਭਰੇ ਕੈਂਟਰ ਨਾਲ ਟਕਰਾਉਣ ਪਿੱਛੋਂ ਚਕਨਾਚੂਰ ਹੋ ਗਈ। ਇਸ ਕਾਰਨ ਚਾਲਕ ਲਖਵਿੰਦਰ ਸਿੰਘ (32) ਨਿਵਾਸੀ ਬਠਿੰਡਾ ਜ਼ਖ਼ਮੀ ਹੋ ਗਿਆ ਜਦਕਿ ਨਾਲ ਬੈਠਾ ਉਸ ਦਾ ਸਾਥੀ ਸੁਖਮੰਦਰ ਸਿੰਘ (25) ਵਾਸੀ ਘੁੱਦਾ (ਬਠਿੰਡਾ) ਦੀ ਮੌਕੇ 'ਤੇ ਮੌਤ ਹੋ ਗਈ। ਹਾਦਸੇ ਬਾਰੇ ਸੂਚਨਾ ਮਿਲਦਿਆਂ ਦੀ ਲੋਕ ਸੇਵਾ ਕਮੇਟੀ ਦੇ ਮੈਂਬਰ ਐਂਬੂਲੈਂਸ ਲੈ ਕੇ ਮੌਕੇ 'ਤੇ ਪੁੱਜੇ। ਉਨ੍ਹਾਂ ਨੇ ਬੁਰੀ ਤਰ੍ਹਾਂ ਫਸੇ ਦੋਵਾਂ ਵਿਅਕਤੀਆਂ ਨੂੰ ਬਾਹਰ ਕੱਢਣ ਲਈ ਕਰੇਨ ਦੀ ਮਦਦ ਲਈ। ਲਾਸ਼ ਨੂੰ ਪੋਸਟਮਾਰਟਮ ਲਈ ਸੁਧਾਰ ਹਸਪਤਾਲ ਦੇ ਮੁਰਦਾਘਰ ਵਿਚ ਰੱਖਿਆ ਗਿਆ ਹੈ।