ਸਤਵਿੰਦਰ ਸ਼ਰਮਾ, ਲੁਧਿਆਣਾ

ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਪੁਰਬ ਪੂਰੀ ਦੁਨੀਆਂ ਵਿਚ ਵੱਸਦੀ ਸੰਗਤ ਮਨਾ ਰਹੀ ਹੈ ਅਤੇ 9 ਨਵੰਬਰ 2019 ਨੂੰ ਸੁਲਤਾਨਪੁਰ ਲੋਧੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਾਗਮਾਂ ਦੀ ਸ਼ੁਰੂਆਤ ਕੀਤੀ ਸੀ ਤੇ ਕੇਂਦਰ ਸਰਕਾਰ ਵੱਲੋਂ ਪੰਜਾਬ ਵਿਚ ਇਨ੍ਹਾਂ ਸਮਾਗਮਾਂ ਵਿਚ ਸ਼ਾਮਲ ਹੋਣ ਵਾਲੀਆਂ ਸੰਗਤਾਂ ਲਈ ਲੰਗਰ ਤਿਆਰ ਕਰਨ ਲਈ ਮਿੱਟੀ ਦੇ ਤੇਲ ਦੀ ਸਸਤੇ ਰੇਟ ਵਿਚ ਸਪਲਾਈ ਕੀਤੀ ਗਈ ਸੀ ਪਰ ਪੰਜਾਬ ਫੂਡ ਅਤੇ ਸਪਲਾਈ ਵਿਭਾਗ ਦੀ ਮਿਲੀਭੁਗਤ ਨਾਲ ਇਹ ਤੇਲ ਹੋਲ ਸੇਲਰਾਂ ਸਮੇਤ ਪੈਟਰੋਲ ਪੰਪਾਂ ਵਾਲਿਆਂ ਨੂੰ ਵੇਚ ਦਿੱਤਾ ਗਿਆ। ਇਸ ਬਾਰੇ ਖ਼ੁਲਾਸਾ ਕਰਦੇ ਹੋਏ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪੂਰੇ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

ਇਸ ਸਬੰਧੀ ਵਿਧਾਇਕ ਬੈਂਸ ਨੇ ਪ੍ਰਧਾਨ ਮੰਤਰੀ ਸਮੇਤ ਪੈਟਰੋਲੀਅਮ ਮੰਤਰੀ ਤੇ ਹੋਰਨਾਂ ਨੂੰ ਪੱਤਰ ਵੀ ਲਿਖਿਆ ਹੈ। ਇਸ ਸਬੰਧੀ ਵਿਧਾਇਕ ਬੈਂਸ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੇਤ ਵੱਖ ਵੱਖ ਸੁਖਮਨੀ ਸਾਹਿਬ ਸੇਵਾ ਸੁਸਾਈਟੀਆਂ, ਸਮਾਜ ਸੇਵੀ ਸੰਸਥਾਵਾਂ ਅਤੇ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਲੰਗਰ ਬਣਾਉਣ, ਨਗਰ ਕੀਰਤਨਾਂ ਦੌਰਾਨ ਪ੍ਰਸ਼ਾਦ ਤਿਆਰ ਕਰਨ ਲਈ ਕੁਲ 61 ਲੱਖ 92 ਹਜ਼ਾਰ ਲੀਟਰ ਮਿੱਟੀ ਦੇ ਤੇਲ ਸਪਲਾਈ ਕੀਤਾ ਗਿਆ ਸੀ ਜੋ ਉਕਤ ਸੰਸਥਾਵਾਂ ਨੂੰ 38 ਰੁਪਏ ਪ੍ਰਤੀ ਲੀਟਰ ਤੇ 5 ਫੀਸਦੀ ਜੀਐੱਸਟੀ ਲਗਾ ਕੇ ਦਿੱਤਾ ਜਾਣਾ ਸੀ ਪਰ ਪੰਜਾਬ ਫੂਡ ਐਂਡ ਸਪਲਾਈ ਵਿਭਾਗ ਨੇ ਕੁਲ ਮਿੱਟੀ ਦੇ ਤੇਲ ਵਿੱਚੋਂ ਸਿਰਫ 40 ਹਜ਼ਾਰ ਲੀਟਰ ਤੇਲ ਹੀ ਦਿੱਤਾ ਜਦਕਿ ਬਾਕੀ ਦਾ ਸਾਰਾ ਮਿੱਟੀ ਦੇ ਤੇਲ 62 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਹੋਲ ਸੇਲਰਾਂ ਸਮੇਤ ਪੈਟਰੋਲ ਪੰਪ ਮਾਲਿਕਾਂ ਨੂੰ ਵੇਚ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਸੀਬੀਆਈ ਦੀ ਜਾਂਚ ਦੀ ਮੰਗ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਐੱਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਤੇਲ ਮਾਰਕੀਟਿੰਗ ਕੰਪਨੀਆਂ (ਇੰਡੀਅਨ ਆਇਲ, ਹਿਦੁੰਸਤਾਨ ਪੈਟਰੋਲੀਅਮ, ਭਾਰਤੀ ਪੈਟ੍ਰੋਲੀਅਮ) ਨੂੰ ਚਿੱਠੀ ਲਿਖ ਕੇ ਇਸ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਨੇ ਖ਼ੁਰਾਕ ਤੇ ਸਪਲਾਈ ਵਿਭਾਗ ਦੇ ਭਿ੍ਸ਼ਟ ਅਧਿਕਾਰੀਆਂ ਤੇ ਇਸ ਪੂਰੇ ਮਾਮਲੇ ਵਿਚ ਸ਼ਾਮਲ ਹੋਰਨਾਂ ਭਾਈਵਾਲਾਂ ਨੂੰ ਚੇਤਾਵਨੀ ਵੀ ਦਿੱਤੀ ਕਿ ਲੋਕ ਇਨਸਾਫ ਪਾਰਟੀ ਪੂਰੇ ਮਾਮਲੇ ਦੀ ਜਾਂਚ ਕਰਵਾ ਕੇ ਤਹਿ ਤਕ ਜਾਵੇਗੀ ਤਾਂ ਜੋ ਕਸੂਰਵਾਰਾਂ ਨੂੰ ਜੇਲ੍ਹ ਦੀਆਂ ਸੀਖਾਂ ਪਿੱਛੇ ਸੁੱਟਿਆ ਜਾ ਸਕੇ। ਇਸ ਮੌਕੇ ਜੱਥੇਦਾਰ ਜਸਵਿੰਦਰ ਸਿੰਘ ਖਾਲਸਾ, ਜਤਿੰਦਰ ਪਾਲ ਸਿੰਘ ਸਲੂਜਾ ਤੇ ਹੋਰ ਹਾਜ਼ਰ ਸਨ।