ਸਰਵਣ ਸਿੰਘ ਭੰਗਲਾਂ, ਸਮਰਾਲਾ : ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਪਵਿੱਤਰ ਅਸਥਾਨ ਗੁਰਦੁਆਰਾ ਬਾਬਾ ਹਸਤ ਲਾਲ ਜੀ ਬਲਾਲਾ ਦੇ ਸਾਲਾਨਾ ਜੋੜ ਮੇਲੇ ਸਬੰਧੀ ਕਥਨ ਹੈ ਕਿ ਉਹ ਛੇਵੇਂ ਪਾਤਸ਼ਾਹ ਦੇ ਅਨਿੰਨ ਸੇਵਕ ਸਨ, ਜੋ ਗੁਰੂ ਸਾਹਿਬ ਨਾਲ ਵੱਖ-ਵੱਖ ਪਿੰਡਾਂ ਤੋਂ ਹੁੰਦੇ ਹੋਏ ਪਿੰਡ ਲੱਲਕਲਾਂ ਵਿਖੇ ਪੁੱਜੇ ਤੇ ਸ਼ਾਦੀ ਉਪਰੰਤ ਉਹ ਪੱਕੇ ਤੌਰ 'ਤੇ ਪਿੰਡ ਬਲਾਲਾ ਵਿਖੇ ਧਰਮ ਪ੍ਰਚਾਰ ਲਈ ਠਹਿਰ ਗਏ। ਉਨ੍ਹਾਂ ਦੀ ਨਿੱਘੀ ਯਾਦ 'ਚ 13 ਤੋਂ 15 ਜਨਵਰੀ ਤਕ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਤੇ ਬਲਾਲਾ ਦੀ ਧਰਤੀ 'ਤੇ 13 ਜਨਵਰੀ ਤੋਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਨਤਮਸਤਕ ਹੋਣ ਲਈ ਪੁੱਜਦੀਆਂ ਹਨ। ਪਿੰਡ ਦੇ ਸਰਪੰਚ ਜਤਿੰਦਰ ਸਿੰਘ ਜੋਗਾ ਬਲਾਲਾ ਅਤੇ ਯੂਥ ਅਕਾਲੀ ਆਗੂ ਬੇਅੰਤ ਸਿੰਘ ਬਲਾਲਾ ਨੇ ਦੱਸਿਆ ਕਿ ਇਲਾਕੇ ਦੇ ਪਿੰਡਾਂ ਦੀਆਂ ਦਰਜਨਾਂ ਪੰਚਾਇਤਾਂ ਤੇ ਸਮਾਜਸੇਵੀ ਜਥੇਬੰਦੀਆਂ ਮੇਲੇ 'ਚ ਤਿੰਨ ਦਿਨ ਵੱਖ-ਵੱਖ ਸੇਵਾਵਾਂ ਨਿਭਾਉਂਦੀਆਂ ਹਨ, ਜਿਸ ਅਨੁਸਾਰ 13 ਜਨਵਰੀ ਨੂੰ ਜੋੜ ਮੇਲੇ ਦੀ ਸ਼ੁਰੂਆਤ ਮੌਕੇ ਰਾਤ ਨੂੰ ਧਾਰਮਿਕ ਦੀਵਾਨ ਸਜਾਏ ਜਾਣਗੇ। 14 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਦੇ ਭੋਗ ਪਾਏ ਜਾਣਗੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਨਗਰ ਕੀਰਤਨ ਅਰੰਭ ਹੋਵੇਗਾ ਜੋ ਬਾਅਦ ਦੁਪਹਿਰ ਵਾਪਸ ਪਰਤੇਗਾ। ਮੇਲੇ ਦੇ ਆਖਰੀ ਦਿਨ 15 ਜਨਵਰੀ ਨੂੰ ਧਾਰਮਿਕ ਪੰਡਾਲ 'ਚ ਗੁਰਮਤਿ ਵਿਚਾਰਾਂ ਹੋਣਗੀਆਂ।