ਸੁਖਦੇਵ ਸਿੰਘ, ਲੁਧਿਆਣਾ

ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਨਤਾ ਪ੍ਰਰਾਪਤ ਪੰਜਾਬ ਦੇ ਸਾਰੇ ਬੀਐੱਡ ਕਾਲਜਾਂ ਦੀ ਬੀਐੱਡ ਫੈਡਰੇਸ਼ਨ ਵੱਲੋਂ ਸਾਂਝੀ ਮੀਟਿੰਗ ਕੀਤੀ ਗਈ। ਮੀਟਿੰਗ ਦੀ ਕਾਰਵਾਈ ਬਾਰੇ ਦਸਦੇ ਹੋਏ ਜਗਜੀਤ ਸਿੰਘ ਨੇ ਕਿਹਾ ਕਿ ਪਿਛਲੇ 3 ਸਾਲਾਂ ਤੋਂ ਕਾਲਜਾਂ ਨੂੰ ਪੋਸਟ ਮੈਟਰਿਕ ਸਕਾਲਰਸ਼ਿਪ ਦੇ ਫੰਡ ਨਹੀ ਮਿਲ ਰਹੇ ਹਨ। ਹਰ ਸਾਲ ਮਨਜ਼ੂਰ ਕੀਤੇ ਗਏ 68,370 ਰਕਮ ਦੀ ਬਜਾਏ ਸਰਕਾਰ ਹਰ ਸਾਲ ਸਿਰਫ 15,600 ਰੁਪਏ ਦਾ ਭੁਗਤਾਨ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਫੈਡਰੇਸ਼ਨ ਨੇ ਸਰਵਸੰਮਤੀ ਨਾਲ ਫੈਸਲਾ ਲਿਆ ਹੈ ਕਿ ਸਾਲ 2019-20 ਤੋਂ ਸਾਰੇ ਕਾਲਜ ਐੱਸਸੀ ਵਿਦਿਆਰਥੀਆਂ ਤੋਂ ਫੀਸ ਵਸੂਲਣਗੇ ਕਿਉਂਕਿ ਸਰਕਾਰ ਵਿਦਿਆਰਥੀਆਂ ਦੇ ਖਾਤੇ ਵਿੱਚ ਸਕਾਲਰਸ਼ਿਪ ਦੀ ਅਦਾਇਗੀ ਕਰੇਗੀ। ਇਸ ਮੌਕੇ ਨਿਰਮਲ ਸਿੰਘ, ਪਰਵੀਨ ਗੋਇਲ ਅਤੇ ਰਾਮ ਢੱਲ ਨੇ ਕਿਹਾ ਕਿ ਉਹ ਸਰਕਾਰ ਵੱਲੋਂ ਅਨਏਡਿਡ ਕਾਲਜਾਂ ਲਈ ਤਹਿ ਕੀਤੀ ਗਈ ਫੀਸ 68,370 ਨੂੰ ਲਾਗੂ ਕਰਨ ਦੇ ਲਈ ਵੱਖ-ਵੱਖ ਪੱਧਰਾਂ 'ਤੇ ਪਿਛਲੇ ਇਕ ਸਾਲ ਤੋਂ ਸਰਕਾਰ ਨੂੰ ਪਹੁੰਚ ਕਰ ਰਹੇ ਹਨ ਪਰ ਸਰਕਾਰ ਵੱਲੋ ਬੀਐੱਡ ਵਿਦਿਆਰਥੀਆਂ ਦਾ ਅਨਏਡਿਡ ਕਾਲਜਾਂ ਨੂੰ ਸਿਰਫ 15,600 ਰੁਪਏ ਹੀ ਅਦਾ ਕੀਤੇ ਗਏ। ਜਿਸ ਕਾਰਨ ਕਾਲਜ ਭਾਰੀ ਵਿੱਤੀ ਸੰਕਟ ਤੋ ਗੁਜ਼ਰ ਰਹੇ ਹਨ। ਇਸ ਮੌਕੇ ਪੁਕਾ ਦੇ ਪਧਾਨ ਅੰਸ਼ੂ ਕਟਾਰੀਆ, ਗੁਰਪਰੀਤ ਸਿੰਘ,ਅਸ਼ੋਕ ਗਰਗ ਵੀ ਮੌਜੂਦ ਸਨ।