ਗੋਬਿੰਦ ਸ਼ਰਮਾ, ਸ੍ਰੀ ਮਾਛੀਵਾੜਾ ਸਾਹਿਬ : ਬਲਾਕ ਵਿਕਾਸ ਤੇ ਪੰਚਾਇਤ ਅਫਸਰ ਰਾਜਵਿੰਦਰ ਕੌਰ ਦੀ ਰਹਿਨੁਮਾਈ ਹੇਠ ਮਾਛੀਵਾੜਾ ਬਲਾਕ ਦਫਤਰ ਦੇ ਹਾਲ 'ਚ ਵੱਖ-ਵੱਖ ਪਿੰਡਾਂ ਤੋਂ ਆਏ ਪੰਚਾਂ ਤੇ ਸਰਪੰਚਾਂ ਨਾਲ ਇਕ ਕੈਂਪ ਰਾਹੀਂ ਵੱਖ-ਵੱਖ ਵਿਭਾਗਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ।

ਬੀਡੀਪੀਓ ਰਾਜਵਿੰਦਰ ਕੌਰ ਨੇ ਦੱਸਿਆ ਕਿ ਰਿਸੋਰਸ ਪਰਸਨ ਮੁਹਾਲੀ ਤੋਂ ਨੀਲਮ ਸ਼ਰਮਾ ਤੇ ਨਵਰੀਤ ਕੌਰ ਵੱਲੋਂ ਆਏ ਹੋਏ ਪੰਚਾਂ ਸਰਪੰਚਾਂ ਨੂੰ ਅਲੱਗ ਅਲੱਗ ਵਿਭਾਗਾਂ 'ਚ ਚੱਲਦੀਆਂ ਵੱਖੋ ਵੱਖਰੀਆਂ ਸਕੀਮਾਂ ਬਾਰੇ ਵਿਸਥਾਰ ਪੂਰਬਕ ਜਾਣਕਾਰੀ ਦਿੱਤੀ ਜਾ ਰਹੀ ਹੈ। ਵਾਟਰ ਸਪਲਾਈ ਤੋਂ ਮਨਪ੍ਰਰੀਤ ਸਿੰਘ ਤੇ ਸਿਹਤ ਵਿਭਾਗ ਵੱਲੋਂ ਪਰਦੀਪ ਸਿੰਘ ਜਦਕਿ ਮਨਰੇਗਾ ਵਿਭਾਗ ਵੱਲੋਂ ਅਮਰਿੰਦਰ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ। ਮਨਪ੍ਰਰੀਤ ਸਿੰਘ ਨੇ ਪਾਣੀ ਦੀ ਸਾਂਭ-ਸੰਭਾਲ ਤੇ ਪ੍ਰਯੋਗੀ ਵਰਤੋਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਆਉਣ ਵਾਲੇ ਸਮੇਂ 'ਚ ਪਾਣੀ ਦੀ ਹੋਣ ਵਾਲੀ ਕਮੀ ਬਾਰੇ ਵੀ ਡੂੰਘੀ ਵਿਚਾਰ ਚਰਚਾ ਕੀਤੀ। ਪ੍ਰਦੀਪ ਸਿੰਘ ਨੇ ਕਿਹਾ ਕਿ ਆਪਣੇ ਆਲੇ-ਦੁਆਲੇ ਤੇ ਆਪਣੀ ਸਫ਼ਾਈ ਰੱਖਣਾ ਅਤਿ ਜ਼ਰੂਰੀ ਹੈ ਤਾਂ ਜੋ ਸਰੀਰ ਨੂੰ ਵੱਖ ਵੱਖ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਇਆ ਜਾ ਸਕੇ। ਮਨਰੇਗਾ ਵਿਭਾਗ ਤੋਂ ਅਮਰਿੰਦਰ ਸਿੰਘ ਨੇ ਮਨਰੇਗਾ ਅਧੀਨ ਲੋਕਾਂ ਨੂੰ ਮਿਲਣ ਵਾਲੀਆਂ ਵੱਖ-ਵੱਖ ਸਹੂਲਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇਕਰ ਸਹੀ ਢੰਗ ਨਾਲ ਇਨਾਂ੍ਹ ਸਹੂਲਤਾਂ ਦਾ ਲਾਭ ਲਿਆ ਜਾਵੇ, ਤਾਂ ਬਹੁਤ ਜ਼ਿਆਦਾ ਆਸਾਨੀ ਹੋ ਸਕਦੀ ਹੈ। ਬੀਡੀਪੀਓ ਰਾਜਵਿੰਦਰ ਕੌਰ ਨੇ ਦੱਸਿਆ ਕਿ ਪੰਚਾਇਤਾਂ ਨੂੰ ਪਿੰਡਾਂ 'ਚ ਵਿਕਾਸ ਕਾਰਜਾਂ ਨੂੰ ਸੁਚਾਰੂ ਰੂਪ ਨਾਲ ਕਰਨ ਲਈ ਪੇ੍ਰਿਆ। ਹਰ ਰੋਜ਼ ਵੱਖ ਵੱਖ ਪਿੰਡਾਂ ਤੋਂ ਆਉਣ ਵਾਲੀਆਂ ਪੰਚਾਇਤਾਂ ਲਈ ਵੱਖ-ਵੱਖ ਵਿਭਾਗਾਂ ਪ੍ਰਤੀ ਚੱਲ ਰਹੀਆਂ ਸਕੀਮਾਂ ਤੇ ਸਹੂਲਤਾਂ ਬਾਰੇ ਜਾਣਕਾਰੀ ਦਿੰਦੇ ਹਨ।