ਅਮਨਪ੍ਰਰੀਤ ਸਿੰਘ ਚੌਹਾਨ, ਲੁਧਿਆਣਾ

ਮਹਾਨਗਰ 'ਚ ਬਾਹਰਲੇ ਸ਼ਹਿਰਾਂ ਦੇ ਨੰਬਰ ਵਾਲੇ ਸਵਾਰੀਆਂ ਢੋਣ ਵਾਲੇ ਆਟੋ-ਰਿਕਸ਼ਾ ਚਾਲਕ ਜੋ ਕਿ ਜ਼ਿਆਦਾਤਰ ਘੰਟਾਘਰ ਚੌਂਕ, ਮਾਤਾ ਰਾਣੀ ਚੌਂਕ ਤੋਂ ਸਵਾਰੀਆਂ ਚੁੱਕ ਕੇ ਫਿਲੌਰ ਤੋਂ ਇਲਾਵਾ ਸ਼ਹਿਰ ਦੀ ਹੱਦ ਤੋਂ ਬਾਹਰ ਹੋਰ ਜ਼ਿਲਿ੍ਹਆਂ ਵਿੱਚ ਵੀ ਸ਼ਿਰਕਤ ਕਰ ਰਹੇ ਹਨ। ਬਾਹਰਲੇ ਸ਼ਹਿਰਾਂ ਦੇ ਨੰਬਰ ਵਾਲੇ ਆਟੋ-ਰਿਕਸ਼ਾ ਚਾਲਕਾਂ ਦੇ ਸ਼ਹਿਰ ਵਿੱਚ ਦਾਖ਼ਲ ਹੋਣ ਪਿੱਛੇ ਕਿਸ ਦਾ ਹੱਥ ਹੈ।

ਸੂਚਨਾ ਮੁਤਾਬਕ ਪਤਾ ਲੱਗਿਆ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਬਣਾਈ ਹੋਈ ਆਟੋ ਰਿਕਸ਼ਾ ਯੂਨੀਅਨ ਵੱਲੋਂ ਇਨ੍ਹਾਂ ਆਟੋ ਰਿਕਸ਼ਾ ਚਾਲਕਾਂ ਨੂੰ ਕਾਰਡ ਜਾਰੀ ਕਰ ਸ਼ਹਿ ਦਿੱਤੀ ਜਾ ਰਹੀ ਹੈ। ਜਿਸ ਸਦਕਾ ਆਟੋ ਰਿਕਸ਼ਾ ਚਾਲਕ ਵੱਲੋਂ ਕਿਸੇ ਵੀ ਪੁਲਿਸ ਮੁਲਾਜ਼ਮ ਦੇ ਰੋਕਣ ਤੇ ਯੂਨੀਅਨ ਵੱਲੋਂ ਦਿੱਤਾ ਗਿਆ ਕਾਰਡ ਦਿਖਾਉਣ 'ਤੇ ਛੱਡ ਦਿੱਤਾ ਜਾਂਦਾ ਹੈ। ਜਦਕਿ ਆਟੋ-ਰਿਕਸ਼ਾ ਚਾਲਕ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਇਸ ਕਾਰਡ ਦੇ ਬਦਲੇ ਯੂਨੀਅਨ ਵੱਲੋਂ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਰੁਪਏ ਲਏ ਜਾਂਦੇ ਹਨ ਤੇ ਕਾਰਡ ਦੇ ਉੱਪਰ ਚੱਲ ਰਹੇ ਮਹੀਨੇ ਦੇ ਨਾਮ ਤੋਂ ਇਲਾਵਾ ਯੂਨੀਅਨ ਦੇ ਪ੍ਰਧਾਨ ਦਾ ਨਾਂਅ ਤੇ ਬਕਾਇਦਾ ਦਸਤਖ਼ਤ ਕਰ ਕੇ ਆਟੋ-ਰਿਕਸ਼ਾ ਚਾਲਕ ਨੂੰ ਦਿੱਤਾ ਜਾਂਦਾ ਹੈ। ਜਿਸ ਨਾਲ ਇਹ ਆਟੋ-ਰਿਕਸ਼ਾ ਚਾਲਕ ਬੜੇ ਰੋਅਬ ਨਾਲ ਕਿਸੇ ਤਰ੍ਹਾਂ ਦਾ ਚਲਾਨ ਜਾਂ ਕਾਰਵਾਈ ਹੋਣ ਦੇ ਖੌਫ ਤੋਂ ਬਿਨ੍ਹਾਂ ਸ਼ਹਿਰ ਦੀ ਹੱਦ ਤੋਂ ਬਾਹਰ ਸਵਾਰੀਆਂ ਨੂੰ ਛੱਡ ਕੇ ਤੇ ਉਸ ਥਾਂ ਤੋਂ ਵਾਪਸ ਸਵਾਰੀਆਂ ਭਰ ਕੇ ਸ਼ਹਿਰ ਦੇ ਅੰਦਰ ਦਾਖ਼ਲ ਹੋ ਰਹੇ ਹਨ। ਹੁਣ ਇਸ ਮਾਮਲੇ ਦੇ ਸਾਹਮਣੇ ਆਉਣ ਤੇ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਯੂਨੀਅਨ ਵੱਲੋਂ ਆਟੋ-ਰਿਕਸ਼ਾ ਚਾਲਕਾਂ ਨੂੰ ਕਾਰਡ ਦੇ ਕੇ ਇਕੱਠਾ ਕੀਤਾ ਰੁਪਿਆ ਯੂਨੀਅਨ ਕੋਲ ਹੀ ਰਹਿ ਜਾਂਦਾ ਹੈ ਜਾਂ ਇਸ ਦਾ ਕੁਝ ਹਿੱਸਾ ਕਿਸੇ ਹੋਰ ਥਾਂ ਵੀ ਵੰਡਿਆ ਜਾਂਦਾ ਹੈ। ਜਿਸ ਨਾਲ ਆਟੋ ਰਿਕਸ਼ਾ ਚਾਲਕ ਬੜੀ ਆਸਾਨੀ ਨਾਲ ਇਸ ਕਾਰਡ ਦੇ ਜ਼ਰੀਏ ਸ਼ਹਿਰ ਤੋਂ ਬਾਹਰ ਤੇ ਸ਼ਹਿਰ 'ਚ ਸਵਾਰੀਆਂ ਬਿਠਾ ਕੇ ਆਟੋ ਰਿਕਸ਼ਾ ਦਾਖ਼ਲ ਕਰਦੇ ਹਨ।

ਜਦਕਿ ਸ਼ਹਿਰ 'ਚ ਦਾਖ਼ਲ ਹੋਣ ਵਾਲਾ ਮੁੱਖ ਪੁਆਇੰਟ ਜਲੰਧਰ ਬਾਈਪਾਸ ਚੌਕ 'ਚ ਟ੍ਰੈਫਿਕ ਪੁਲਿਸ ਦੇ ਜ਼ੋਨ ਇੰਚਾਰਜ ਤੇ ਹੋਰ ਵੀ ਏਐੱਸਆਈ ਅਤੇ ਮੁਲਾਜ਼ਮਾਂ ਦੇ ਖੜ੍ਹੇ ਹੋਣ ਦੇ ਬਾਵਜੂਦ ਵੀ ਕਿਸ ਤਰ੍ਹਾਂ ਆਟੋ-ਰਿਕਸ਼ਾ ਚਾਲਕ ਸ਼ਹਿਰ ਵਿੱਚ ਦਾਖ਼ਲ ਹੁੰਦੇ ਹਨ। ਇਹ ਗੱਲ ਸਮਝ ਵਿੱਚ ਨਹੀਂ ਆ ਰਹੀ। ਕਿਉਂਕਿ ਟੈ੍ਫਿਕ ਪੁਲਿਸ ਮੁਲਾਜ਼ਮਾਂ ਵੱਲੋਂ ਜ਼ਿਆਦਾਤਰ ਕਮਰਸ਼ੀਅਲ ਵਾਹਨ, ਨਿੱਜੀ ਵਾਹਨ ਜੋ ਕਿ ਬਾਹਰਲੇ ਸ਼ਹਿਰਾਂ ਦੇ ਨੰਬਰ ਦੇਖਦੇ ਹੀ ਮੁਲਾਜ਼ਮ ਖਾਸ ਤੌਰ 'ਤੇ ਇਨ੍ਹਾਂ ਵਾਹਨਾ ਨੂੰ ਰੋਕ ਕੇ ਦਸਤਾਵੇਜ਼ ਚੈੱਕ ਕਰਦੇ ਹਨ। ਪਰ ਇਹ ਸਵਾਰੀਆਂ ਢੋਣ ਵਾਲੇ ਆਟੋ-ਰਿਕਸ਼ਾ ਦਾ ਸ਼ਹਿਰ ਵਿੱਚ ਦਾਖ਼ਲ ਹੋਣਾ ਅਤੇ ਸਵਾਰੀਆਂ ਭਰ ਕੇ ਲੈ ਜਾਣਾ ਮਾਮਲੇ ਵਿੱਚ ਗੜਬੜੀ ਲੱਗ ਰਹੀ ਹੈ ਅਤੇ ਟ੍ਰੈਫਿਕ ਪੁਲਿਸ ਲਈ ਇਹ ਬਹੁਤ ਵੱਡਾ ਸਵਾਲ ਖੜ੍ਹਾ ਹੋ ਰਿਹਾ ਹੈ।

ਡੀਸੀਪੀ ਟ੍ਰੈਫਿਕ ਸੁਖਪਾਲ ਸਿੰਘ ਬਰਾੜ ਨਾਲ ਇਸ ਮਾਮਲੇ ਬਾਰੇ ਗੱਲ ਕਰਨ 'ਤੇ ਦੱਸਿਆ ਕਿ ਤੁਹਾਡੇ ਵੱਲੋਂ ਇਸ ਤਰ੍ਹਾਂ ਆਟੋ ਰਿਕਸ਼ਾ ਚਾਲਕਾਂ ਦਾ ਮਾਮਲਾ ਧਿਆਨ 'ਚ ਲਿਆਉਣ ਤੇ ਕਾਰਵਾਈ ਸ਼ੁਰੂ ਕੀਤੀ ਗਈ ਹੈ। ਜਿਸ ਤਹਿਤ ਅੜਿੱਕੇ ਆਏ ਬਾਹਰਲੇ ਸ਼ਹਿਰਾਂ ਦੇ ਨੰਬਰ ਵਾਲੇ ਆਟੋ ਰਿਕਸ਼ਾ ਬੰਦ ਕੀਤੇ ਗਏ ਹਨ। ਜਦਕਿ ਆਟੋ ਰਿਕਸ਼ਾ ਯੂਨੀਅਨ ਵੱਲੋਂ ਜਾਰੀ ਕੀਤੇ ਜਾਣ ਵਾਲੇ ਕਾਰਡ ਦੇ ਮਾਮਲਾ ਬਾਰੇ ਸਬੰਧਿਤ ਇਲਾਕੇ ਦੇ ਜ਼ੋਨ ਇੰਚਾਰਜ ਨੂੰ ਨਿਰਦੇਸ਼ ਦੇ ਕੇ ਅਜਿਹੇ ਆਟੋ ਰਿਕਸ਼ਾ ਚਾਲਕਾਂ ਦੇ ਦਸਤਾਵੇਜ਼ਾਂ ਦੇ ਨਾਲ ਹੀ ਕਾਰਡਾਂ ਦੀ ਜਾਂਚ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਬੰਧਿਤ ਚੌਂਕਾਂ 'ਤੇ ਡਿਊਟੀ ਕਰ ਰਹੇ ਟ੍ਰੈਫਿਕ ਪੁਲਿਸ ਵੱਲੋਂ ਟ੍ਰੈਫਿਕ ਜਾਮ ਦੀ ਵਿਵਸਥਾ 'ਤੇ ਕਾਬੂ ਪਾਉਣ ਨਾਲ ਹੀ ਅਜਿਹੇ ਆਟੋ ਰਿਕਸ਼ਾ ਚਾਲਕਾਂ 'ਤੇ ਪਹਿਲਾਂ ਵੀ ਕਾਰਵਾਈ ਕਰਦੇ ਸੀ ਤੇ ਹੁਣ ਵੀ ਕਰਦੇ ਰਹਿਣਗੇ। ਉਨ੍ਹਾਂ ਕਿਹਾ ਫਿਰ ਵੀ ਜੇਕਰ ਇਸ ਤਰ੍ਹਾਂ ਕਾਰਡ ਦਿਖਾ ਕੇ ਆਟੋ ਰਿਕਸ਼ਾ ਚਾਲਕਾਂ ਨੂੰ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਜਾਂ ਏਐੱਸਆਈ ਵੱਲੋਂ ਛੱਡਿਆ ਜਾ ਰਿਹਾ ਹੈ ਤਾਂ ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ। ਜੇਕਰ ਜਾਂਚ 'ਚ ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਮਿਲੀਭੁਗਤ ਦਾ ਮਾਮਲਾ ਸਾਹਮਣੇ ਆਇਆ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।