ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਖੂੰਖਾਰ ਕੁੱਤੇ ਰੱਖਣ ਦਾ ਵਿਰੋਧ ਕਰਨ ਤੇ ਗੁਆਂਢੀਆਂ ਨੇ ਘਰ ਉੱਪਰ ਇਸ ਕਦਰ ਹਮਲਾ ਕਰ ਦਿੱਤਾ ਕਿ ਪਰਿਵਾਰਕ ਮੈਂਬਰਾਂ ਦੀ ਜਾਨ 'ਤੇ ਬਣ ਆਈ । ਦਰਜਨ ਤੋਂ ਵੱਧ ਹਮਲਾਵਰਾਂ ਨੇ ਕਮਰੇ ਦਾ ਦਰਵਾਜ਼ਾ ਤੋੜ ਕੇ ਔਰਤਾਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਹਮਲੇ ਦੇ ਦੌਰਾਨ ਬੇਸਬਾਲ ਦੇ ਡੰਡਿਆਂ ਦੀ ਖੁੱਲ੍ਹ ਕੇ ਵਰਤੋਂ ਕੀਤੀ ਗਈ । ਹਮਲਾਵਰਾਂ ਨੇ ਘਰ ਉਪਰ ਪਥਰਾਅ ਵੀ ਕੀਤਾ ।ਇਸ ਮਾਮਲੇ ਵਿਚ ਥਾਣਾ ਸਦਰ ਦੀ ਪੁਲਿਸ ਨੇ ਮੋਤੀ ਬਾਗ ਕਾਲੋਨੀ ਦੇ ਰਹਿਣ ਵਾਲੇ ਤਰਲੋਚਨ ਸਿੰਘ ਦੇ ਬਿਆਨਾਂ ਉਪਰ ਮੋਤੀ ਬਾਗ ਕਾਲੋਨੀ ਦੇ ਹੀ ਵਾਸੀ ਮਨਿੰਦਰ ਸਿੰਘ, ਰਾਜੂ ,ਜੋਤ ਅਤੇ ਦਰਜਨ ਦੇ ਕਰੀਬ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ ।

ਥਾਣਾ ਸਦਰ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਤਰਲੋਚਨ ਸਿੰਘ ਨੇ ਦੱਸਿਆ ਕਿ ਗੁਆਂਢ ਵਿਚ ਰਹਿਣ ਵਾਲੇ ਮਨਿੰਦਰ ਸਿੰਘ ਨੇ ਘਰ ਵਿੱਚ ਖੂੰਖਾਰ ਕੁੱਤੇ ਰੱਖੇ ਹੋਏ ਹਨ । ਕੁੱਤਿਆਂ ਵੱਲ ਦੇਖ ਕੇ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਦਾ ਹੈ ।12 ਅਪਰੈਲ ਨੂੰ ਤਰਲੋਚਨ ਸਿੰਘ ਦੇ ਬੇਟੇ ਗਗਨਦੀਪ ਸਿੰਘ ਨੇ ਇਸ ਸਬੰਧੀ ਥਾਣਾ ਸਦਰ ਵਿਚ ਸ਼ਿਕਾਇਤ ਕੀਤੀ ਸੀ ।ਇਸੇ ਰੰਜਿਸ਼ ਨੂੰ ਮਨ ਵਿੱਚ ਰੱਖ ਕੇ ਮੁਲਜ਼ਮ ਮਨਿੰਦਰ ਸਿੰਘ , ਰਾਜੂ ਅਤੇ ਜੋਤ ਨੇ ਆਪਣੇ ਦਰਜਨ ਦੇ ਕਰੀਬ ਸਾਥੀਆਂ ਨਾਲ ਮਿਲ ਕੇ ਰਾਤ ਦੱਸ ਵਜੇ ਦੇ ਕਰੀਬ ਉਨ੍ਹਾਂ ਦੇ ਘਰ ਉਪਰ ਹਮਲਾ ਕਰ ਦਿੱਤਾ । ਇਸ ਹਮਲੇ ਦੇ ਦੌਰਾਨ ਘਰ ਉੱਪਰ ਇੱਟਾਂ ਵਰ੍ਹਾਈਆਂ ਗਈਆਂ । ਹਮਲਾਵਰਾਂ ਨੇ ਬੇਸਬਾਲ ਦੇ ਡੰਡੇ ਨਾਲ ਤਰਲੋਚਨ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।ਹਮਲਾਵਰਾਂ ਨੇ ਕਮਰੇ ਦਾ ਦਰਵਾਜ਼ਾ ਤੋੜ ਕੇ ਤਰਲੋਚਨ ਸਿੰਘ ਦੀ ਪਤਨੀ ਅਤੇ ਬੇਟੀ ਨੌਵੀਂ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ । ਰੌਲਾ ਪਾਉਣ ਤੇ ਸਾਰੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ।ਇਸ ਮਾਮਲੇ ਵਿੱਚ ਤਫ਼ਤੀਸ਼ੀ ਅਫ਼ਸਰ ਸਤਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਤਰਲੋਚਨ ਸਿੰਘ ਦੇ ਬਿਆਨਾਂ ਉਪਰ ਮੁਲਜ਼ਮਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਕੇ ਮਨਿੰਦਰ ਸਿੰਘ ਅਤੇ ਰਾਜੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।ਪੁਲਿਸ ਬਾਕੀ ਮੁਲਜ਼ਮਾਂ ਦੀ ਤਲਾਸ਼ ਕਰ ਰਹੀ ਹੈ ।

Posted By: Tejinder Thind