ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ

ਰੰਜਿਸ਼ਨ ਛੇ ਤੋਂ ਵੱਧ ਹਮਲਾਵਰਾਂ ਨੇ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।ਬੇਸਬਾਲ ਦੇ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਦਿਆਂ ਮੁਲਜ਼ਮਾਂ ਨੇ ਦਾਤ ਨਾਲ ਨੌਜਵਾਨ ਦੇ ਸੱਜੇ ਹੱਥ ਦੀ ਚੀਚੀ ਉਂਗਲ ਵੱਢ ਦਿੱਤੀ। ਜ਼ਖ਼ਮੀ ਹਾਲਤ 'ਚ ਰਾਹਗੀਰਾਂ ਨੇ ਨੌਜਵਾਨ ਨੂੰ ਨੇੜਲੇ ਹਸਪਤਾਲ 'ਚ ਦਾਖ਼ਲ ਕਰਵਾਇਆ। ਥਾਣਾ ਮੋਤੀ ਨਗਰ ਦੀ ਪੁਲਿਸ ਨੇ ਜਨਕਪੁਰੀ ਦੇ ਵਾਸੀ ਅਨਿਲ ਕੁਮਾਰ ਦੇ ਬਿਆਨਾਂ 'ਤੇ ਸਮਰਾਲਾ ਚੌਕ ਦੇ ਰਹਿਣ ਵਾਲੇ ਜੋਨੀ, ਡੈਨੀ, ਵਿਸ਼ਾਲ, ਅਮਨ, ਜੋਨਟੀ, ਟੋਨੀ ਅਤੇ ਕੁਝ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਮੋਤੀ ਨਗਰ ਦੀ ਪੁਲਿਸ ਨੂੰ ਅਨਿਲ ਨੇ ਦੱਸਿਆ ਕਿ ਉਹ ਮੋਤੀ ਨਗਰ 'ਚੋਂ ਕਿਸੇ ਪ੍ਰਰੋਗਰਾਮ ਤੋਂ ਹੋ ਕੇ ਆਪਣੇ ਘਰ ਵਾਪਸ ਜਾ ਰਿਹਾ ਸੀ। ਇਸੇ ਦੌਰਾਨ ਅਨਿਲ ਜਿਵੇਂ ਹੀ ਪ੍ਰਰੇਮ ਮੈਡੀਕਲ ਸਟੋਰ ਨੇੜੇ ਪੁੱਜਿਆ ਤਾਂ ਬਲੈਰੋ 'ਤੇ ਸਵਾਰ ਹੋ ਕੇ ਆਏ ਹਮਲਾਵਰਾਂ ਨੇ ਉਸਨੂੰ ਸਕੂਟਰ ਤੋਂ ਹੇਠਾਂ ਸੁੱਟ ਦਿੱਤਾ। ਨੌਜਵਾਨਾਂ ਨੇ ਬੇਸਬਾਲ, ਡੰਡਿਆਂ ਤੇ ਤਲਵਾਰਾਂ ਨਾਲ ਅਨਿਲ 'ਤੇ ਹਮਲਾ ਕਰ ਦਿੱਤਾ। ਕੁੱਟਮਾਰ ਕਰਦਿਆਂ ਇਕ ਮੁਲਜ਼ਮ ਨੇ ਦਾਤ ਨਾਲ ਅਨਿਲ ਦੇ ਸੱਜੇ ਹੱਥ ਦੀ ਚੀਚੀ ਉਂਗਲ ਵੱਢ ਦਿੱਤੀ। ਰੌਲ਼ਾ ਪਾਉਣ 'ਤੇ ਸਾਰੇ ਮੁਲਜ਼ਮਾਂ ਅਨਿਲ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਇਸ ਮਾਮਲੇ 'ਚ ਥਾਣਾ ਮੋਤੀ ਨਗਰ ਦੇ ਇੰਸਪੈਕਟਰ ਸੁਨੀਤਾ ਕੌਰ ਨੇ ਕਿਹਾ ਕਿ ਪੁਲਿਸ ਨੇ ਮੁਲਜ਼ਮਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਇਸ ਮਾਮਲੇ 'ਚ ਛਾਪੇਮਾਰੀ ਕਰ ਕੇ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।