ਸਟਾਫ਼ ਰਿਪੋਰਟਰ, ਖੰਨਾ : ਖੰਨਾ ਦੇ ਲਲਹੇੜੀ ਰੋਡ ਸਥਿਤ ਪ੍ਰਰੋਫੈਸਰ ਕਾਲੋਨੀ ਨੇੜੇ ਲਾਕਡਾਊਨ ਦਾ ਲਾਹਾ ਲੈਂਦਿਆਂ ਚਾਰ ਨੌਜਵਾਨਾਂ ਨੇ ਜ਼ੋਮੈਟੋ ਕੰਪਨੀ ਦੇ ਕਰਿੰਦੇ ਨੂੰ ਘੇਰ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਦੌਰਾਨ ਨੌਜਵਾਨ ਦੇ ਬੇਹੋਸ਼ ਹੁੰਦਿਆਂ ਹੀ ਕਰਿੰਦੇ ਦੀ ਜੇਬ 'ਚੋਂ ਪੰਜ ਹਜ਼ਾਰ ਰੁਪਏ ਕੱਢ ਕੇ ਫਰਾਰ ਹੋ ਗਏ। ਜ਼ਖ਼ਮੀ ਨੂੰ ਖੰਨਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਉਸ ਦੇ ਸਿਰ 'ਤੇ ਪੰਜ ਟਾਂਕੇ ਲੱਗੇ ਹਨ। ਪਿੰਡ ਗੋਹ ਵਾਸੀ ਰੁਪਿੰਦਰ ਸਿੰਘ ਦੇ ਭਰਾ ਰਣਵੀਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਰੁਪਿੰਦਰ ਸਿੰਘ ਖੰਨਾ 'ਚ ਜ਼ੋਮੈਟੋ ਕੰਪਨੀ 'ਚ ਡਿਲਵਰੀ ਬੁਆਏ ਦਾ ਕੰਮ ਕਰਦਾ ਹੈ। ਐਤਵਾਰ ਕਰੀਬ ਡੇਢ ਵਜੇ ਉਹ ਕੋਈ ਡਿਲਵਰੀ ਦੇਣ ਪ੍ਰਰੋਫੈਸਰ ਕਾਲੋਨੀ ਗਿਆ। ਉੱਥੋਂ ਉਹ ਵਾਪਸ ਪਰਤ ਰਿਹਾ ਸੀ ਤਾਂ ਕਾਲੋਨੀ ਦੇ ਕੋਲ ਹੀ ਇਕ ਮੋਟਰਸਾਈਕਲ ਸਵਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਰੁਪਿੰਦਰ ਦੇ ਮੋਟਰਸਾਇਕਲ ਸਮੇਤ ਡਿੱਗਦੇ ਹੀ ਤਿੰਨ ਹੋਰ ਨੌਜਵਾਨ ਉੱਥੇ ਆ ਗਏ ਤੇ ਉਸ 'ਤੇ ਟੁੱਟ ਪਏ। ਇਨ੍ਹਾਂ 'ਚੋਂ ਇਕ ਨੇ ਉਸ ਦੇ ਸਿਰ 'ਤੇ ਕਿਸੇ ਹਥਿਆਰ ਨਾਲ ਵਾਰ ਕੀਤਾ। ਰੁਪਿੰਦਰ ਸੁੱਧ ਖੋਹ ਬੈਠਾ ਤਾਂ ਉਹ ਉਸ ਦੀ ਜੇਬ 'ਚੋਂ ਕਰੀਬ ਪੰਜ ਹਜ਼ਾਰ ਰੁਪਏ ਕੱਢ ਕੇ ਫਰਾਰ ਹੋ ਗਏ। ਕਿਸੇ ਰਾਹਗੀਰ ਨੇ ਰੁਪਿੰਦਰ ਦੇ ਫੋਨ ਤੋਂ ਹੀ 108 ਐਂਬੂਲੈਂਸ ਨੂੰ ਬੁਲਾਇਆ, ਉਸ ਤੋਂ ਬਾਅਦ ੳਸ ਨੂੰ ਖੰਨਾ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਸਿਟੀ-1 ਥਾਣੇ ਦੇ ਏਐੱਸਆਈ ਜਗਤਾਰ ਸਿੰਘ ਨੇ ਜ਼ਖ਼ਮੀ ਰੁਪਿੰਦਰ ਦੇ ਬਿਆਨ ਦਰਜ ਕਰ ਲਏ ਹਨ। ਉਨ੍ਹਾਂ ਦੱਸਿਆ ਕਿ ਆਸਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਕੇ ਮੁਲਜ਼ਮਾਂ ਨੂੰ ਪਛਾਣਨ ਦੀ ਕੋਸ਼ਿਸ਼ ਕੀਤੀ ਜਾਵੇਗੀ।