ਰਘਵੀਰ ਸਿੰਘ ਜੱਗਾ, ਰਾਏਕੋਟ: ਦਿੱਲੀ ਸਰਹੱਦ ’ਤੇ ਚੱਲ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਲਈ ਕਰੀਬੀ ਪਿੰਡ ਤਲਵੰਡੀ ਰਾਏ ਦਾ ਨੌਜਵਾਨ ਅਥਲੀਟ ਸੰਤੋਖ ਸਿੰਘ ਢਿੱਲੋਂ ਲਗਾਤਾਰ ਚਾਰ ਦਿਨ ਦੌੜ ਕੇ ਦਿੱਲੀ ਦੀ ਟਿਕਰੀ ਸਰਹੱਦ ’ਤੇ ਪੁੱਜਾ, ਜਿੱਥੇ ਉਸ ਦਾ ਸਵਾਗਤ ਬੀ.ਕੇ.ਯੂ (ਏਕਤਾ) ਉਗਰਾਹਾਂ ਦੇ ਹਲਕਾ ਕਨਵੀਨਰ ਗੁਰਪ੍ਰੀਤ ਸਿੰਘ ਸੇਖੋਂ ਅਤੇ ਹੋਰ ਕਿਸਾਨ ਆਗੂਆਂ ਵਲੋਂ ਕੀਤਾ ਗਿਆ।

ਜਿਕਰਯੋਗ ਹੈ ਕਿ ਅਥਲੀਟ ਸੰਤੋਖ ਸਿੰਘ ਨੇ ਆਪਣੀ ਦੌੜ 11 ਜਨਵਰੀ ਨੂੰ ਰਾਏਕੋਟ ਦੇ ਇਤਿਹਾਸਕ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਸ਼ੁਰੂ ਕੀਤੀ ਸੀ, ਜੋ ਕਿ ਲਗਾਤਾਰ ਚਾਰ ਦਿਨ 360 ਕਿੱਲੋਮੀਟਰ ਦੌੜਨ ਤੋਂ ਬਾਅਦ ਦਿੱਲੀ ਦੇ ਟਿਕਰੀ ਬਾਰਡਰ ’ਤੇ ਜਾ ਕੇ ਸਮਾਪਤ ਹੋਈ। ਇਸ ਬਾਰੇ ਗੱਲਬਾਤ ਕਰਦਿਆਂ ਅਥਲੀਟ ਸੰਤੋਖ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਇਹ ਦੌੜ ਕਿਸਾਨ ਅੰਦੋਲਨ ਨੂੰ ਸਮਰਪਿਤ ਕੀਤੀ ਹੈ।

ਉਨ੍ਹਾਂ ਕਿਹਾ ਕਿ ਕਿਸਾਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਡੇਢ ਮਹੀਨੇ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਕੜਾਕੇ ਦੀ ਠੰਡ ’ਚ ਸੰਘਰਸ਼ ਕਰ ਰਹੇ ਹਨ, ਪਰ ਕੇਂਦਰ ਸਰਕਾਰ ਕਿਸਾਨ ਸੰਘਰਸ਼ ਨੂੰ ਅਣਗੋਲਿਆਂ ਕਰਦੇ ਹੋਏ ਖੇਤੀ ਕਾਨੂੰਨ ਲਾਗੂ ਕਰਨ ਲਈ ਬਜਿੱਦ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਿੱਲੀ ਨੂੰ ਦੌੜ ਕੇ ਆਉਣ ਦਾ ਮੁੱਖ ਮੰਤਵ ਅੰਦੋਲਨ ’ਚ ਸੰਘਰਸ਼ੀਲ ਕਿਸਾਨਾਂ ਦੀ ਹੌਸਲਾ ਅਫ਼ਜਾਈ ਕਰਨਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਛੇਤੀ ਤੋਂ ਛੇਤੀ ਖੇਤੀ ਕਾਨੂੰਨ ਰੱਦ ਕਰਕੇ ਕਿਸਾਨਾਂ ਨੂੰ ਆਪਣੇ ਘਰਾਂ ਲਈ ਰਵਾਨਾ ਕਰੇ। ਅਥਲੀਟ ਸੰਤੋਖ ਸਿੰਘ ਢਿੱਲੋਂ ਵਲੋਂ ਦੌੜ ਕੇ ਦਿੱਲੀ ਸੰਘਰਸ਼ ਵਿੱਚ ਪੁੱਜਣ ਦੇ ਉਪਰਾਲੇ ਦੀ ਕਿਸਾਨ ਆਗੂ ਗੁਰਪ੍ਰੀਤ ਸਿੰਘ ਸੇਖੋਂ ਨੇ ਭਰਪੂਰ ਸ਼ਲਾਘਾ ਕਰਦਿਆਂ ਅਥਲੀਟ ਸੰਤੋਖ ਸਿੰਘ ਨੂੰ ਦਿੱਲੀ ਦੇ ਟਿਕਰੀ ਬਾਰਡਰ ਦੀ ਸਟੇਜ ’ਤੇ ਸਨਮਾਨਿਤ ਕੀਤਾ। ਇਸ ਮੌਕੇ ਮਾਸਟਰ ਚਰਨ ਸਿੰਘ ਨੂਰਪੁਰਾ, ਮਹਿੰਦਰ ਸਿੰਘ ਨੂਰਪੁਰਾ, ਗੁਰਦੇਵ ਸਿੰਘ ਲੰਮੇ, ਜਸਵਿੰਦਰ ਸਿੰਘ ਲੌਗੋਂਵਾਲ ਆਦਿ ਹਾਜ਼ਰ ਸਨ।

Posted By: Jagjit Singh