ਸੁਸ਼ੀਲ ਕੁਮਾਰ ਸ਼ਸ਼ੀ ,ਲੁਧਿਆਣਾ: ਬੇਖੌਫ ਲੁਟੇਰਿਆਂ ਨੇ ਤੜਕੇ ਸਾਢੇ ਚਾਰ ਵਜੇ ਦੇ ਕਰੀਬ ਇਕ ਰਾਹਗੀਰ ਕੋਲੋਂ ਉਸ ਦਾ ਮੋਟਰਸਾਈਕਲ ਲੁੱਟ ਲਿਆ । ਤੇਜ਼ ਧਾਰ ਹਥਿਆਰਾਂ ਨਾਲ ਲੈਸ ਹੋਏ ਬਦਮਾਸ਼ਾਂ ਨੇ ਰਾਹਗੀਰ ਨੂੰ ਅੱਧਾ ਕਿਲੋਮੀਟਰ ਤਕ ਭਜਾਇਆ । ਇਸ ਮਾਮਲੇ ਵਿਚ ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਭਗਵਾਨ ਨਗਰ ਢੋਲੇਵਾਲ ਦੇ ਰਹਿਣ ਵਾਲੇ ਰਮੇਸ਼ ਕੁਮਾਰ ਦੇ ਬਿਆਨ ਉਪਰ ਅਣਪਛਾਤੇ ਤਿੰਨ ਬਦਮਾਸ਼ਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਰਮੇਸ਼ ਕੁਮਾਰ ਨੇ ਦੱਸਿਆ ਕਿ ਉਹ ਹਿਮਾਚਲ ਦਾ ਰਹਿਣ ਵਾਲਾ ਹੈ । ਪਿਛਲੇ ਕਈ ਸਾਲਾਂ ਤੋਂ ਰਮੇਸ਼ ਆਪਣੇ ਦੋ ਬੱਚਿਆਂ ਅਤੇ ਪਤਨੀ ਨਾਲ ਲੁਧਿਆਣਾ ਦੇ ਭਗਵਾਨ ਨਗਰ ਇਲਾਕੇ ਵਿੱਚ ਰਹਿ ਰਿਹਾ ਹੈ। ਇਲੈਕਟ੍ਰੋਨਿਕ ਦਾ ਕੰਮ ਕਰਨ ਵਾਲਾ ਰਮੇਸ਼ ਤੜਕੇ ਚਾਰ ਵਜੇ ਮੋਟਰਸਾਈਕਲ ਤੇ ਸਵਾਰ ਹੋ ਕੇ ਹਿਮਾਚਲ ਪ੍ਰਦੇਸ਼ ਵਿੱਚ ਪੈਦੀ ਆਪਣੇ ਪਿੰਡ ਜਾਣ ਲਈ ਘਰ ਤੋਂ ਨਿਕਲਿਆ ।ਮੋਟਰਸਾਈਕਲ ਸਵਾਰ ਰਮੇਸ਼ ਜਿਸ ਤਰ੍ਹਾਂ ਹੀ ਸੰਘਣੀ ਆਬਾਦੀ ਵਾਲੇ ਇਲਾਕੇ ਮਿੱਲਰ ਗੰਜ ਵਿੱਚ ਪਹੁੰਚਿਆ ਤਾਂ ਕਾਲੇ ਰੰਗ ਦੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤਿੰਨ ਨਕਾਬਪੋਸ਼ ਨੌਜਵਾਨਾਂ ਨੇ ਉਸ ਨੂੰ ਰੋਕ ਲਿਆ । ਮੋਟਰਸਾਈਕਲ ਤੋਂ ਹੇਠਾਂ ਉਤਰਦੇ ਹੀ ਦੋ ਨੌਜਵਾਨਾਂ ਨੇ ਤਲਵਾਰਾਂ ਕੱਢ ਲਈਆਂ । ਮੁਲਜ਼ਮਾਂ ਨੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਸਰੀਰਕ ਤੌਰ ਤੇ ਤੰਦਰੁਸਤ ਰਮੇਸ਼ ਦੌੜ ਪਿਆ। ਰਮੇਸ਼ ਦੇ ਮੁਤਾਬਕ ਬਦਮਾਸ਼ਾਂ ਨੇ ਅੱਧਾ ਕਿਲੋਮੀਟਰ ਤਕ ਉਸ ਦਾ ਪਿੱਛਾ ਕੀਤਾ ।ਬਾਅਦ ਵਿੱਚ ਬਦਮਾਸ਼ ਉਸ ਦਾ ਮੋਟਰਸਾਈਕਲ ਲੁੱਟ ਕੇ ਫ਼ਰਾਰ ਹੋ ਗਏ ।

ਜਾਨ ਬਚਾਉਣ ਲਈ ਖੜਕਾਏ ਘਰਾਂ ਦੇ ਦਰਵਾਜ਼ੇ

ਰਮੇਸ਼ ਨੇ ਦੱਸਿਆ ਕਿ ਉਹ ਲੁਟੇਰਿਆਂ ਨੂੰ ਝਕਾਨੀ ਦੇ ਕੇ ਸੰਘਣੀ ਆਬਾਦੀ ਵਾਲੇ ਇਲਾਕੇ ਦੀਆਂ ਗਲੀਆਂ ਵਿੱਚ ਵੜ ਗਿਆ ।ਬੁਰੀ ਤਰ੍ਹਾਂ ਡਰੇ ਰਮੇਸ਼ ਨੂੰ ਇੰਝ ਜਾਪ ਰਿਹਾ ਸੀ ਕਿ ਲੁਟੇਰੇ ਉਸ ਦੇ ਮਗਰ ਫਿਰ ਆਉਣਗੇ । ਉਸ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਉਹ ਉਸ ਕੋਲੋਂ ਨਕਦੀ ਵੀ ਲੁੱਟਣਾ ਚਾਹੁੰਦੇ ਹਨ ।ਆਪਣੀ ਜਾਨ ਬਚਾਉਣ ਲਈ ਉਸ ਨੇ ਇਲਾਕੇ ਦੇ ਕਈ ਘਰਾਂ ਦੇ ਦਰਵਾਜ਼ੇ ਖੜਕਾਏ ਅਤੇ ਜਾਨ ਬਚਾਉਣ ਦੀ ਗੁਹਾਰ ਲਗਾਈ ,ਪਰ ਕਿਸੇ ਨੇ ਵੀ ਰਮੇਸ਼ ਦੀ ਮਦਦ ਲਈ ਦਰਵਾਜ਼ਾ ਨਾ ਖੋਲ੍ਹਿਆ । ਉਧਰ ਇਸ ਮਾਮਲੇ ਵਿਚ ਥਾਣਾ ਡਿਵੀਜ਼ਨ ਨੰਬਰ ਛੇ ਦੇ ਏਐਸਆਈ ਕਮਲਜੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਰਮੇਸ਼ ਕੁਮਾਰ ਦੇ ਬਿਆਨ ਉਪਰ 3 ਅਣਪਛਾਤੇ ਬਦਮਾਸ਼ਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ । ਸੂਤਰਾਂ ਦੇ ਮੁਤਾਬਕ ਪੁਲਿਸ ਦੇ ਹੱਥ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਲੱਗੀ ਹੈ । ਪੁਲਿਸ ਦਾ ਕਹਿਣਾ ਹੈ ਕਿ ਇਹ ਮਾਮਲਾ ਜਲਦੀ ਹੱਲ ਕਰ ਲਿਆ ਜਾਵੇਗਾ ।

Posted By: Sandip Kaur