First Drive in Cinema of North India in Ludhiana : ਜੇਐੱਨਐੱਨ, ਲੁਧਿਆਣਾ : ਫਿਲਮਾਂ ਦੇਖਣ ਦੇ ਸ਼ੌਕੀਨਾਂ ਲਈ ਲੁਧਿਆਣਾ ਸ਼ਹਿਰ ਵੱਡੀ ਸੌਗਾਤ ਲਿਆ ਰਿਹਾ ਹੈ। ਸ਼ਹਿਰ ਵਾਸੀ ਜਲਦ ਡਰਾਈਵ ਇਨ ਸਿਨੇਮਾ (Drive in Cinema) ਦਾ ਲੁਤਫ਼ ਲੈ ਸਕਣਗੇ। ਲੁਧਿਆਣਾ 'ਚ ਡਰਾਈਵ ਇਨ ਸਿਨੇਮਾ ਜਲਦ ਆ ਰਿਹਾ ਹੈ। ਇਹ ਲੁਧਿਆਣਾ ਦੀ ਸਾਊਥ ਸਿਟੀ 'ਚ ਤਿਆਰ ਕੀਤਾ ਜਾ ਰਿਹਾ ਹੈ। ਲੋਕ ਕਾਰ 'ਚ ਆ ਕੇ ਉਸੇ ਵਿਚ ਬੈਠੇ-ਬੈਠੇ ਫਿਲਮ ਦੇਖ ਸਕਣਗੇ। ਭੀੜ-ਭੜੱਕੇ ਤੋਂ ਬਚਣ ਕਾਰਨ ਉਨ੍ਹਾਂ ਦਾ ਕੋਰੋਨਾ ਤੋਂ ਵੀ ਬਚਾਅ ਹੋ ਸਕੇਗਾ। ਲੁਧਿਆਣਾ 'ਚ ਸਟਾਰਲਾਈਟ ਸਿਨੇਮਾ (Starlite Cinema) ਦੇ ਨਾਂ ਨਾਲ ਤਿਆਰ ਡਰਾਈਵ ਇਨ ਸਿਨੇਮਾ ਉੱਤਰੀ ਭਾਰਤ ਦਾ ਪਹਿਲਾ ਡਰਾਈਵ ਇਨ ਸਿਨੇਮਾ ਹੋਵੇਗਾ। ਇਸ ਤੋਂ ਪਹਿਲਾਂ ਗੁਜਰਾਤ ਤੇ ਆਂਧਰ ਪ੍ਰਦੇਸ਼ (ਵਿਸ਼ਾਖਾਪੱਟਨਮ) 'ਚ ਡਰਾਈਵ ਇਨ ਸਿਨੇਮਾ ਹੈ।

ਉਂਝ ਵੀ ਕੋਰੋਨਾ ਕਾਲ 'ਚ ਲੋਕ ਸਿਨੇਮਾ ਹਾਲ ਦੀ ਭੀੜ ਵਿਚਕਾਰ ਪਰਿਵਾਰ ਨਾਲ ਸਿਨੇਮਾ ਦਾ ਲੁਤਫ਼ ਲੈਣ ਤੋਂ ਪਰਹੇਜ਼ ਕਰ ਰਹੇ ਹਨ। ਅਜਿਹੇ ਵਿਚ ਇਹ ਕਿਸੇ ਵੱਡੀ ਸੌਗਾਤ ਤੋਂ ਘੱਟ ਨਹੀਂ ਹੈ। ਇੱਥੇ ਸ਼ਹਿਰ ਵਾਸੀ ਪਰਿਵਾਰ ਸਮੇਤ ਆਪਣੀ ਕਾਰ 'ਚ ਪਹੁੰਚਣਗੇ ਤੇ ਉਸ ਵਿਚ ਬੈਠੇ-ਬੈਠੇ ਸਿਨੇਮਾ ਦਾ ਲੁਤਫ਼ ਲੈਣਗੇ।

ਇਸ ਤਰ੍ਹਾਂ ਕੰਮ ਕਰੇਗਾ ਡਰਾਈਵ ਇਨ ਸਿਨੇਮਾ

ਡਰਾਈਵ ਇਨ ਸਿਨੇਮਾ 'ਚ ਕਾਰ ਦੇ ਪਹੁੰਚਦਿਆਂ ਹੀ ਦਰਸ਼ਕ ਦੇ ਸਾਹਮਣੇ ਵੱਡੀ ਸਕ੍ਰੀਨ ਪਾਵਰਫੁੱਲ ਸਾਊਂਡ ਸਿਸਟਮ ਦੇ ਨਾਲ ਹੋਵੇਗੀ। ਇਸ ਨੂੰ ਬਲਿਊ ਟੁੱਥ ਰਾਹੀਂ ਕਾਰ ਦੇ ਸਾਊਂਡ ਸਿਸਟਮ ਨਾਲ ਕੁਨੈਕਟ ਕੀਤਾ ਜਾਵੇਗਾ। ਇਸ ਤੋਂ ਬਾਅਦ ਦਰਸ਼ਕ ਸਾਹਮਣੇ ਸਕ੍ਰੀਨ 'ਤੇ ਫਿਲਮ ਦਾ ਲੁਤਫ਼ ਲੈ ਸਕਣਗੇ।

ਐਪ 'ਤੇ ਦਿਉ ਫੂਡ ਆਰਡਰ, ਕਾਰ 'ਚ ਹੋਵੇਗਾ ਸਰਵ

ਇੱਥੇ ਲਾਈਵ ਕਿਚਨ ਵੀ ਹੋਵੇਗੀ, ਜਿਸ ਵਿਚ ਤੁਹਾਨੂੰ ਫੂਡ ਤੇ ਡਰਿੰਕ ਦੋਵੇਂ ਮੁਹੱਈਆ ਕਰਵਾਏ ਜਾਣਗੇ। ਇਸ ਦੇ ਲਈ ਇਕ ਐਪ ਤਿਆਰ ਕੀਤਾ ਗਿਆ ਹੈ ਜਿਸ ਵਿਚ ਆਨਲਾਈਨ ਆਰਡਰ ਦਿੰਦਿਆਂ ਹੀ ਤੁਹਾਡੀ ਕਾਰ ਤਕ ਫੂਡ ਤੇ ਡਰਿੰਕ ਪਹੁੰਚ ਜਾਣਗੇ। ਇਸ ਦੇ ਲਈ ਤੁਹਾਨੂੰ ਕਾਰ ਤੋਂ ਬਾਹਰ ਨਿਕਲਣ ਦੀ ਵੀ ਜ਼ਰੂਰਤ ਨਹੀਂ ਪਵੇਗੀ।

84 ਕਾਰਾਂ 'ਚ ਲੋਕ ਦੇਖ ਸਕਣਗੇ ਸਿਨੇਮਾ, ਏਸ਼ੀਆ 'ਚ ਸਭ ਤੋਂ ਵੱਡਾ

ਖਾਸ ਗੱਲ ਇਹ ਹੈ ਕਿ ਡਰਾਈਵ ਇਨ ਸਿਨੇਮਾ 'ਚ ਫਿਜ਼ੀਕਲ ਡਿਸਟੈਂਸਿੰਗ ਦੀ ਵੀ ਪਾਲਣਾ ਹੋ ਸਕੇਗੀ। ਇਕ ਵਾਰ 'ਚ 84 ਕਾਰਾਂ 'ਚ ਪਰਿਵਾਰ ਦੇ ਨਾਲ ਲੋਕ ਫਿਲਮ ਦਾ ਲੁਤਫ਼ ਲੈ ਸਕਣਗੇ। ਪ੍ਰਬੰਧਕਾਂ ਦੀ ਮੰਨੀਏ ਤਾਂ ਇਹ ਓਪਨ ਸਿਨੇਮਾ ਢਾਈ ਏਕੜ ਜ਼ਮੀਨ 'ਚ ਹੋਵੇਗਾ, ਜਿਹੜਾ ਏਸ਼ੀਆ ਦਾ ਸਭ ਤੋਂ ਵੱਡਾ ਡਰਾਈਵ ਇਨ ਸਿਨੇਮਾ ਹੋਵੇਗਾ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸੁਰੱਖਿਆ ਦਾ ਖ਼ਾਸ ਇੰਤਜ਼ਾਮ ਹੋਵੇਗਾ ਤੇ ਲੋਕਾਂ ਨੂੰ ਆਪਣੇ ਪਰਿਵਾਰ ਦੇ ਨਾਲ ਸਿਨੇਮਾ ਦੇਖਣ ਦਾ ਵੱਖਰਾ ਅਹਿਸਾਸ ਹੋਵੇਗਾ।

Posted By: Seema Anand