ਜੇਐੱਨਐੱਨ, ਲੁਧਿਆਣਾ : ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਲਲਕਾਰਿਆ ਹੈ। ਉਨ੍ਹਾਂ ਬਿੱਟੂ ਨੂੰ ਕਿਹਾ,'ਲੁਧਿਆਣਾ ਵਿਚ ਹੀ ਹਾਂ, ਦੱਸ ਕਿੱਥੇ ਆਵਾਂ।' ਬੀਤੇ ਦਿਨੀਂ ਅਸ਼ਵਨੀ ਸ਼ਰਮਾ 'ਤੇ ਹੋਏ ਹਮਲੇ ਦੀ ਬਿੱਟੂ ਵੱਲੋਂ ਲਈ ਗਈ ਜ਼ਿੰਮੇਵਾਰੀ ਤੋਂ ਗੁੱਸੇ 'ਚ ਆਏ ਸ਼ਰਮਾ ਨੇ ਕਿਹਾ ਕਿ ਉਹ ਕਾਂਗਰਸੀਆਂ ਦੀ ਗੁੰਡਾਗਰਦੀ ਤੋਂ ਡਰਨ ਵਾਲੇ ਨਹੀਂ ਹਨ। ਜੇ ਬਿੱਟੂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਕੇ ਮਸਲਾ ਹੱਲ ਹੋ ਜਾਏਗਾ ਤਾਂ ਉਹ ਕਿੱਥੇ ਵੀ ਪਹੁੰਚਣ ਲਈ ਤਿਆਰ ਹਨ। ਹੋਟਲ ਮਹਾਰਾਜਾ ਰਿਜੈਂਸੀ 'ਚ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੂੰ ਭਾਜਪਾ 'ਚ ਸ਼ਾਮਲ ਕਰਵਾਉਣ ਪਹੁੰਚੇ ਸੂਬਾ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਕਿਸਾਨਾਂ ਨੂੰ ਗੁਮਰਾਹ ਕਰ ਰਹੀ ਹੈ। ਕਾਂਗਰਸ ਦੋਗਲੀ ਨੀਤੀ ਅਪਣਾ ਰਹੀ ਹੈ। ਇਕ ਪਾਸੇ ਬਿੱਟੂ ਕਹਿ ਰਹੇ ਹਨ ਕਿ ਕਿਸਾਨਾਂ ਦੀ ਬਜਾਏ ਉਸ 'ਤੇ ਪਰਚਾ ਦਰਜ ਕੀਤਾ ਜਾਏ, ਦੂਜੇ ਪਾਸੇ ਰਾਜਾ ਵੜਿੰਗ ਦਾ ਵਿਰੋਧ ਕਰਨ ਪੁੱਜੇ ਕਿਸਾਨਾਂ 'ਤੇ ਐੱਫਆਈਆਰ ਦਰਜ ਕਰ ਦਿੱਤੀ ਜਾਂਦੀ ਹੈ।

ਸੂਬੇ 'ਚ ਕਾਨੂੰਨ ਪ੍ਰਬੰਧਾਂ 'ਤੇ ਸਵਾਲ ਉਠਾਉਂਦਿਆਂ ਸ਼ਰਮਾ ਨੇ ਕਿਹਾ ਕਿ ਸ਼ੌਰਿਆ ਚੱਕਰ ਜੇਤੂ ਨੂੰ ਅੱਤਵਾਦੀ ਗੋਲ਼ੀਆਂ ਮਾਰ ਜਾਂਦੇ ਹਨ। ਲੁਧਿਆਣਾ 'ਚ ਲੁਟੇਰੇ 15 ਕਰੋੜ ਦੀ ਲੁੱਟ ਕਰਨ ਪਹੁੰਚ ਜਾਂਦੇ ਹਨ ਪਰ ਜੇ ਲੋਕ ਉਨ੍ਹਾਂ ਨੂੰ ਨਾ ਰੋਕਦੇ ਤਾਂ 15 ਕਰੋੜ ਦਾ ਸੋਨਾ ਲੈ ਕੇ ਉਹ ਫ਼ਰਾਰ ਹੋ ਜਾਂਦੇ। ਖੇਤੀ ਸੁਧਾਰ ਕਾਨੂੰਨ ਨੂੰ ਕਿਸਾਨਾਂ ਦੇ ਹਿੱਤ 'ਚ ਕਰਾਰ ਦਿੰਦਿਆਂ ਅਸ਼ਵਨੀ ਸ਼ਰਮਾ ਨੇ ਕਾਂਗਰਸ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੂੰ ਇਸ 'ਤੇ ਬਹਿਸ ਦੀ ਚੁਣੌਤੀ ਦਿੱਤੀ। ਇਸ ਸਮਾਗਮ ਵਾਲੀ ਥਾਂ ਵਿਰੋਧ ਕਰਨ ਪੁੱਜੇ ਕਿਸਾਨਾਂ ਤੇ ਯੂਥ ਕਾਂਗਰਸੀ ਨੇਤਾਵਾਂ ਬਾਰੇ ਸ਼ਰਮਾ ਨੇ ਕਿਹਾ ਕਿ ਸਰਕਾਰ ਦੀ ਮਿਲੀਭੁਗਤ ਤੋਂ ਬਿਨਾਂ ਇਹ ਸੰਭਵ ਨਹੀਂ ਹੈ।