ਲੋੜਵੰਦ ਪਰਿਵਾਰਾਂ ਦੀ ਮਦਦ ਦੀ ਲੜੀ ਤਹਿਤ ਬੈਂਸ ਨੇ ਦੂਜਾ ਮਕਾਨ ਬਣਾ ਕੇ ਨਰਿੰਦਰ ਕੌਰ ਨੂੰ ਸੌਂਪਿਆ
ਜਰੂਰਤਮੰਦ ਪਰਿਵਾਰਾਂ ਦੀ ਮਦਦ ਦੀ ਲੜੀ ਤਹਿਤ ਬੈਂਸ ਨੇ ਦੂਜਾ ਮਕਾਨ ਬਣਾ ਕੇ ਨਰਿੰਦਰ ਕੌਰ ਨੂੰ ਸੌਂਪਿਆ
Publish Date: Tue, 09 Jun 2026 05:51 PM (IST)
Updated Date: Tue, 09 Jun 2026 05:53 PM (IST)

-ਮੁਹੱਲਾ ਵਾਸੀਆਂ ਵੱਲੋਂ ਬੈਂਸ ਦਾ ਸ੍ਰੀ ਸਾਹਿਬ ਤੇ ਸਿਰੋਪਾਓ ਨਾਲ ਕੀਤਾ ਵਿਸ਼ੇਸ਼ ਸਨਮਾਨ ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਲੋਕਾਂ ਦੀ ਸੇਵਾ ਤੇ ਲੋੜਵੰਦ ਪਰਿਵਾਰਾਂ ਦੀ ਭਲਾਈ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਬੈਂਸ ਨੇ ਸਮਾਜ ਭਲਾਈ ਦੇ ਕੰਮਾਂ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਇੱਕ ਹੋਰ ਲੋੜਵੰਦ ਪਰਿਵਾਰ ਦੀ ਬਾਂਹ ਫੜੀ। ਦੁੱਗਰੀ ਦੇ ਪ੍ਰੀਤ ਨਗਰ ਇਲਾਕੇ ਵਿੱਚ ਪਿਛਲੇ ਦਿਨੀਂ ਹੋਈ ਭਾਰੀ ਬਾਰਿਸ਼ ਕਾਰਨ ਪੀੜਤ ਔਰਤ ਨਰਿੰਦਰ ਕੌਰ ਦੇ ਮਕਾਨ ਦੀ ਛੱਤ ਡਿੱਗ ਗਈ ਸੀ, ਜਿਸ ਕਾਰਨ ਪਰਿਵਾਰ ਬੇਘਰ ਹੋ ਗਿਆ ਸੀ। ਇਸ ਦੁੱਖ ਦੀ ਘੜੀ ਵਿੱਚ ਸਾਬਕਾ ਵਿਧਾਇਕ ਬੈਂਸ ਨੇ ਪਰਿਵਾਰ ਦੀ ਮਦਦ ਦਾ ਜ਼ਿੰਮਾ ਚੁੱਕਿਆ ਅਤੇ ਗਰੀਬ ਪਰਿਵਾਰਾਂ ਲਈ ਬਣਾਏ ਜਾ ਰਹੇ ਮਕਾਨਾਂ ਦੀ ਲੜੀ ਤਹਿਤ ਇਹ ਦੂਜਾ ਮਕਾਨ ਪੂਰੀ ਤਰ੍ਹਾਂ ਤਿਆਰ ਕਰਵਾ ਕੇ ਨਰਿੰਦਰ ਕੌਰ ਦੇ ਸਪੁਰਦ ਕਰ ਦਿੱਤਾ। ਨਵੇਂ ਬਣੇ ਮਕਾਨ ਦੇ ਗ੍ਰਹਿ ਪ੍ਰਵੇਸ਼ ਮੌਕੇ ਪਰਿਵਾਰ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਧਾਰਮਿਕ ਸਮਾਗਮ ਵਿੱਚ ਸਿਮਰਜੀਤ ਸਿੰਘ ਬੈਂਸ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ, ਜਿੱਥੇ ਪ੍ਰਬੰਧਕਾਂ ਤੇ ਇਲਾਕਾ ਨਿਵਾਸੀਆਂ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ੍ਹ (ਸ੍ਰੀ ਸਾਹਿਬ) ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਾਜ਼ਰ ਪਤਵੰਤੇ ਸੱਜਣਾਂ ਨੇ ਬੈਂਸ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਦੇ ਦੌਰ ਵਿੱਚ ਅਜਿਹੇ ਸਿਆਸਤਦਾਨ ਬਹੁਤ ਘੱਟ ਹਨ, ਜੋ ਰਾਜਨੀਤੀ ਤੋਂ ਉੱਪਰ ਉੱਠ ਕੇ ਲੋਕਾਂ ਦਾ ਅਸਲ ਭਲਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਬੈਂਸ ਵੱਲੋਂ ਜਿੱਥੇ ਦਰਜਨਾਂ ਲੋੜਵੰਦ ਪਰਿਵਾਰਾਂ ਨੂੰ ਪੱਕੇ ਮਕਾਨ ਬਣਾ ਕੇ ਦਿੱਤੇ ਜਾ ਰਹੇ ਹਨ, ਉੱਥੇ ਹੀ ਲੋੜਵੰਦਾਂ ਨੂੰ ਰਾਸ਼ਨ, ਬੱਚਿਆਂ ਦੀਆਂ ਸਕੂਲ ਫੀਸਾਂ ਅਤੇ ਹੋਰ ਸਮਾਜਿਕ ਕਾਰਜਾਂ ਵਿੱਚ ਲਗਾਤਾਰ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਮੌਕੇ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਅਤੇ ਵੱਡੀ ਗਿਣਤੀ ਵਿੱਚ ਸਥਾਨਕ ਨਿਵਾਸੀ ਹਾਜ਼ਰ ਸਨ, ਜਿਨ੍ਹਾਂ ਨੇ ਇਸ ਨੇਕ ਕਾਰਜ ਲਈ ਬੈਂਸ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸੁਖਵਿੰਦਰ ਸਿੰਘ ਦੁੱਗਰੀ, ਡਾ. ਚਮਕੌਰ ਸਿੰਘ, ਬਲਬੀਰ ਸਿੰਘ ਫੌਜੀ, ਗੁਰਪ੍ਰੀਤ ਸਿੰਘ ਗਿੱਲ, ਤਰਸੇਮ ਸਿੰਘ, ਜਸਪਾਲ ਸਿੰਘ, ਰਾਧੇ ਸ਼ਾਮ, ਡਾ.ਪਿੰਦਰ, ਗੁਰਦੀਪ ਸਿੰਘ, ਜਗਤ ਸਿੰਘ, ਕਰਮਜੀਤ ਸਿੰਘ ਫੌਜੀ ਆਦਿ ਹਾਜ਼ਰ ਸਨ।