ਐੱਸਪੀ ਜੋਸ਼ੀ/ਲੁਧਿਆਣਾ : ਮਹਾਨਗਰ ਵਿਚ ਲੰਮੇ ਸਮੇਂ ਤੋਂ ਹੈਰੋਇਨ ਸਮੱਗਲਿੰਗ ਕਰਨ ਵਾਲੇ ਮੁਲਜ਼ਮ ਨੂੰ ਸਪੈਸ਼ਲ ਟਾਸਕ ਫੋਰਸ ਲੁਧਿਆਣਾ ਦੀ ਟੀਮ ਨੇ ਗਿ੍ਫ਼ਤਾਰ ਕੀਤਾ ਹੈ, ਜਿਸ ਦੀ ਪਛਾਣ ਯਾਦਵਿੰਦਰ ਸਿੰਘ ਵਾਸੀ ਫੁੱਲਾਂਵਾਲ ਚੌਕ ਲੁਧਿਆਣਾ ਵਜੋਂ ਹੋਈ ਹੈ। ਐੱਸਟੀਐੱਫ ਨੇ ਮੁਲਜ਼ਮ ਕੋਲੋਂ ਇਕ ਕਿੱਲੋ ਤੋਂ ਵੱਧ ਹੈਰੋਇਨ, ਡਰੱਗ ਮਨੀ ਅਤੇ ਨਾਜਾਇਜ਼ ਅਸਲਾ ਬਰਾਮਦ ਕੀਤਾ ਹੈ।

ਐੱਸਟੀਐੱਫ ਦੇ ਏਆਈਜੀ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ, ਜਿਸ ਦੇ ਆਧਾਰ 'ਤੇ ਐੱਸਟੀਐੱਫ ਦੀ ਟੀਮ ਨੇ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਵਿਚ ਸੁਗੰਧ ਵਿਹਾਰ ਨੇੜੇ ਫੁੱਲਾਂਵਾਲ ਚੌਕ ਕੋਲ ਨਾਕਾਬੰਦੀ ਕਰ ਕੇ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ।

ਮੁਲਜ਼ਮ ਐਕਟਿਵਾ 'ਤੇ ਹੈਰੋਇਨ ਦੀ ਸਪਲਾਈ ਦੇਣ ਆਇਆ ਸੀ। ਤਲਾਸ਼ੀ ਲੈਣ 'ਤੇ ਐਕਟਿਵਾ ਦੀ ਡਿੱਗੀ ਵਿਚੋਂ 1 ਕਿੱਲੋ 40 ਗ੍ਰਾਮ ਹੈਰੋਇਨ ਅਤੇ 5 ਹਜ਼ਾਰ ਅਮਰੀਕੀ ਡਾਲਰ (ਡਰੱਗ ਮਨੀ) ਬਰਾਮਦ ਹੋਏ। ਮੁਲਜ਼ਮ ਦੀ ਨਿਸ਼ਾਨਦੇਹੀ 'ਤੇ ਉਸ ਦੇ ਕਿਰਾਏ ਦੇ ਘਰ ਵਿਚ ਰੱਖੀ ਗਈ ਇਕ ਪੰਪ ਐਕਸ਼ਨ ਗੰਨ, ਤਿੰਨ ਜ਼ਿੰਦਾ ਰੌਂਦ ਅਤੇ ਚਾਰ ਚੱਲੇ ਕਾਰਤੂਸ ਬਰਾਮਦ ਹੋਏ।

ਇੰਸਪੈਕਟਰ ਹਰਬੰਸ ਸਿੰਘ ਮੁਤਾਬਕ ਮੁਲਜ਼ਮ ਯਾਦਵਿੰਦਰ ਸਿੰਘ ਉਰਫ਼ ਯਾਦ ਮੂਲ ਰੂਪ ਵਿਚ ਤਰਨਤਾਰਨ ਦੇ ਪੱਟੀ ਇਲਾਕੇ ਦਾ ਰਹਿਣ ਵਾਲਾ ਹੈ ਅਤੇ ਕੁਝ ਦਿਨ ਪਹਿਲਾਂ ਉਹ ਫੁੱਲਾਂਵਾਲ ਚੌਕ ਪੱਖੋਵਾਲ ਰੋਡ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਸੀ।

ਪਹਿਲਾਂ ਵੀ ਦਰਜ ਹਨ ਮਾਮਲੇ

ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਮੁਲਜ਼ਮ ਯਾਦਵਿੰਦਰ ਖ਼ਿਲਾਫ਼ ਠੱਗੀ, ਚੋਰੀ ਲੁੱਟਾਂ-ਖੋਹਾਂ ਅਤੇ ਇਰਾਦਾ ਏ ਕਤਲ ਜਿਹੇ ਗੰਭੀਰ ਦੋਸ਼ਾਂ ਹੇਠ ਪਹਿਲਾਂ ਵੀ ਵੱਖ ਵੱਖ ਥਾਣਿਆਂ ਵਿਚ ਅੱਧਾ ਦਰਜਨ ਦੇ ਕਰੀਬ ਮਾਮਲੇ ਦਰਜ ਹਨ। ਮੁਲਜ਼ਮ ਨੇ ਖ਼ੁਲਾਸਾ ਕੀਤਾ ਕਿ ਉਹ ਆਪਣੇ ਸਕੇ ਭਰਾ ਰਾਓ ਵਰਿੰਦਰ ਸਿੰਘ ਨਾਲ ਮਿਲ ਕੇ ਉਕਤ ਨਾਜਾਇਜ਼ ਧੰਦੇ ਕਰੀਬ ਛੇ-ਸੱਤ ਸਾਲਾਂ ਤੋਂ ਕਰ ਰਿਹਾ ਸੀ। ਉਸ ਦਾ ਭਰਾ ਕਰੀਬ 7 ਮਹੀਨੇ ਪਹਿਲਾਂ ਅਮਰੀਕਾ ਨਿਕਲ ਗਿਆ। ਮੁਲਜ਼ਮ ਮੁਤਾਬਕ ਉਹ ਅਤੇ ਉਸ ਦਾ ਭਰਾ ਕਈ ਮੁਕੱਦਮਿਆਂ ਵਿਚ ਭਗੌੜੇ ਕਰਾਰ ਦਿੱਤੇ ਜਾ ਚੁੱਕੇ ਹਨ।

ਨਾਈਜੀਰੀਅਨ ਕੋਲੋਂ ਖਰੀਦੀ ਸੀ ਹੈਰੋਇਨ

ਐੱਸਟੀਐੱਫ ਦੇ ਅਧਿਕਾਰੀਆਂ ਮੁਤਾਬਕ ਮੁਲਜ਼ਮ ਕੋਲੋਂ ਬਰਾਮਦ ਹੋਈ ਹੈਰੋਇਨ ਦਿੱਲੀ ਦੇ ਇਕ ਨਾਈਜੀਰੀਅਨ ਕੋਲੋਂ ਖ਼ਰੀਦੀ ਸੀ। ਉਕਤ ਨਾਈਜੀਰੀਅਨ ਸਮੱਗਲਰ ਨੇ ਮੁਲਜ਼ਮ ਨੂੰ ਲੁਧਿਆਣਾ ਵਿਚ ਆ ਕੇ ਹੈਰੋਇਨ ਦੀ ਸਪਲਾਈ ਦਿੱਤੀ ਸੀ, ਜਿਸ ਨੇ ਅੱਗੇ ਲੁਧਿਆਣਾ ਵਿਚ ਆਪਣੇ ਗਾਹਕਾਂ ਨੂੰ ਸਪਲਾਈ ਦੇਣੀ ਸੀ।