ਐੱਸਪੀ ਜੋਸ਼ੀ, ਲੁਧਿਆਣਾ : ਮਹਾਨਗਰ ਦੇ ਰਹਿਣ ਵਾਲੇ ਨਾਗਰਿਕਾਂ ਦੀ ਜਾਨਮਾਲ ਦੀ ਰਾਖੀ ਕਰਨ ਦੀ ਹਿੱਕ ਠੋਕ ਕੇ ਦਾਅਵਾ ਕਰਨ ਵਾਲੀ ਪੁਲਿਸ ਦੇ ਆਪਣੇ ਅਧਿਕਾਰੀ ਹੀ ਕਿੰਨੇ ਕੁ ਸੁਰੱਖਿਅਤ ਹਨ, ਇਸ ਗੱਲ ਤੇ ਸਵਾਲੀਆ ਨਿਸ਼ਾਨ ਲਗਾਉਣ ਵਾਲੀ ਗੁੰਡਾਗਰਦੀ ਦੀ ਵਾਰਦਾਤ ਦਾ ਸ਼ਾਇਦ ਖੁਦ ਪੁਲਿਸ ਅਧਿਕਾਰੀਆਂ ਕੋਲ ਕੋਈ ਜਵਾਬ ਨਹੀਂ। ਮੰਗਲਵਾਰ ਦੇਰ ਸ਼ਾਮ ਮਹਾਨਗਰ ਦੀ ਸੰਘਣੀ ਅਬਾਦੀ ਵਿੱਚ ਸਥਿਤ ਛਾਉਣੀ ਮੁਹਲਾ ਇਲਾਕੇ ਵਿਚ ਕਾਨੂੰਨ ਤੋਂ ਬੇਖੌਫ ਕੁੱਝ ਹਥਿਆਰਬੰਦ ਅਨਸਰਾਂ ਨੇ ਪੰਜਾਬ ਪੁਲਿਸ ਦੇ ਇੰਸਪੈਕਟਰ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਇੰਸਪੈਕਟਰ ਬਿਟਨ ਕੁਮਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਪੁਲਿਸ ਲਾਈਨ ਵਿੱਚ ਤਾਇਨਾਤ ਇੰਸਪੈਕਟਰ ਬਿਟਨ ਕੁਮਾਰ ਲੁਧਿਆਣਾ ਦੇ ਪ੍ਰਮੁੱਖ ਥਾਣਿਆਂ ਵਿੱਚ ਬਤੌਰ ਐੱਸਐੱਚਓ ਸੇਵਾਵਾਂ ਦੇ ਚੁੱਕੇ ਹਨ।

ਜਾਣਕਾਰੀ ਮੁਤਾਬਕ ਮੰਗਲਵਾਰ ਦੇਰ ਰਾਤ ਛਾਉਣੀ ਮੁਹੱਲਾ 'ਚ ਇੰਸਪੈਕਟਰ ਬਿਟਨ ਕੁਮਾਰ ਦੇ ਘਰ ਦੇ ਨਜ਼ਦੀਕ ਇਮਾਰਤ ਉਸਾਰੀ ਦਾ ਕੰਮ ਚੱਲ ਰਿਹਾ ਸੀ, ਜਿੱਥੇ ਜੇ. ਸੀ. ਬੀ. ਮਸ਼ੀਨ ਰਾਹੀਂ ਕੰਮ ਕੀਤਾ ਜਾ ਰਿਹਾ ਸੀ। ਇਸ ਦੌਰਾਨ ਮੁਹੱਲਾ ਵਾਸੀਆਂ ਵਲੋਂ ਉਕਤ ਲੋਕਾਂ ਨੂੰ ਕੰਮ ਬੰਦ ਕਰਨ ਲਿਆ ਕਿਹਾ ਗਿਆ ਤਾਂ ਦੋਵਾਂ ਧਿਰਾਂ ਵਿਚਾਲੇ ਬਹਿਸ ਹੋ ਗਈ। ਇਸ ਦੌਰਾਨ ਰੌਲਾ ਸੁਣ ਕੇ ਆਪਣੇ ਘਰ ਵਿਚ ਸੁੱਤੇ ਪਏ ਐੱਸ. ਐੱਚ. ਓ. ਬਿਟਨ ਕੁਮਾਰ ਬਾਹਰ ਆਏ ਅਤੇ ਉਨ੍ਹਾਂ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ।

ਇਸ ਦੌਰਾਨ ਕੁਝ ਲੋਕ ਉਨ੍ਹਾਂ ਨਾਲ ਵੀ ਬਹਿਸ ਪਏ ਅਤੇ ਗੱਲ ਇਥੋਂ ਤੱਕ ਵੱਧ ਗਈ ਕਿ ਇਕ ਧਿਰ ਨੇ ਆਪਣੇ ਸਾਥੀਆਂ ਨੂੰ ਉਥੇ ਬੁਲਾ ਕੇ ਇੰਸਪੈਕਟਰ ਬਿਟਨ ਕੁਮਾਰ 'ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਜ਼ਖਮੀ ਹਾਲਤ ਵਿਚ ਉਨ੍ਹਾਂ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵਲੋਂ ਉਨ੍ਹਾਂ ਦੇ 12 ਟਾਂਕੇ ਲਗਾਏ ਗਏ ਹਨ।

ਥਾਣਾ ਡਿਵੀਜ਼ਨ ਨੰਬਰ 4 ਦੀ ਪੁਲਸ ਨੇ ਮੁਲਜ਼ਮ ਓਮਕਾਰ, ਦੀਪੂ ਅਤੇ ਬੱਬੂ ਸਮੇਤ ਸੱਤ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਇਰਾਦਾ ਕਤਲ ਸਮੇਤ ਹੋਰ ਕਈ ਸੰਗੀਨ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।ਖਬਰ ਲਿਖੇ ਜਾਣ ਤੱਕ ਇਸ ਮਾਮਲੇ ਵਿਚ ਅਜੇ ਤਕ ਕਿਸੇ ਦੀ ਵੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ।

Posted By: Susheel Khanna