ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋਏ ਨਕਾਬਪੋਸ਼ ਬਦਮਾਸ਼ ਕੰਧ ਟੱਪ ਕੇ ਸਕੂਲ ਦੇ ਅੰਦਰ ਦਾਖਲ ਹੋਏ ਤੇ ਚੌਕੀਦਾਰ ਨੂੰ ਬੰਧਕ ਬਣਾ ਕੇ ਅੰਦਰੋਂ 1ਲੱਖ 82 ਹਜ਼ਾਰ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ । ਜਾਂਦੇ ਸਮੇਂ ਲੁਟੇਰੇ ਸਕੂਲ ਦੇ ਦਫ਼ਤਰ ਵਿੱਚ ਲੱਗੀ ਐਲਸੀਡੀ ਅਤੇ ਚੌਕੀਦਾਰ ਦਾ ਮੋਟਰਸਾਈਕਲ ਵੀ ਲੈ ਗਏ । ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲਿਸ ਨੇ ਸਕੂਲ ਪ੍ਰਿੰਸੀਪਲ ਜਸਵੀਰ ਕੌਰ ਦੇ ਬਿਆਨਾਂ ਉਪਰ ਅਣਪਛਾਤੇ ਲੁਟੇਰਿਆਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ ।

ਇਸ ਮਾਮਲੇ ਸਬੰਧੀ ਥਾਣਾ ਸਦਰ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਜਸਵੀਰ ਕੌਰ ਨੇ ਦੱਸਿਆ ਕਿ ਪਿੰਡ ਕਿਲਾ ਰਾਏਪੁਰ ਦੇ ਨਨਕਾਣਾ ਸਾਹਿਬ ਪਬਲਿਕ ਸਕੂਲ ਵਿੱਚ ਉਹ ਬਤੌਰ ਪ੍ਰਿੰਸੀਪਲ ਕੰਮ ਕਰਦੇ ਹਨ । ਲਾਕਡਾਊਨ ਤੋਂ ਪਹਿਲੋਂ ਕੁਝ ਮਾਪਿਆਂ ਨੇ ਐਡਮਿਸ਼ਨ ਫ਼ੀਸ ਜਮ੍ਹਾਂ ਕਰਵਾਈ ਸੀ ਅਤੇ ਸਕੂਲ ਦੀ ਹੀ ਕੁਝ ਹੋਰ ਰਕਮ ਦਫ਼ਤਰ ਵਿੱਚ ਹੀ ਪਈ ਹੋਈ ਸੀ । ਪ੍ਰਿੰਸੀਪਲ ਨੇ ਦੱਸਿਆ ਕਿ ਬੀਤੀ ਰਾਤ ਸਾਢੇ ਬਾਰਾਂ ਵਜੇ ਦੇ ਕਰੀਬ ਸਕੂਲ ਦੇ ਅੰਦਰ ਚੌਕੀਦਾਰ ਨਛੱਤਰ ਸਿੰਘ ਮੌਜੂਦ ਸੀ । ਇਸੇ ਦੌਰਾਨ ਸਕੂਲ ਦੇ ਪਿਛਲੇ ਪਾਸਿਓਂ ਪੈਂਦੇ ਖੇਤਾਂ ਚੋਂ ਚਾਰ ਨਕਾਬਪੋਸ਼ ਬਦਮਾਸ਼ ਕੰਧ ਟੱਪ ਕੇ ਸਕੂਲ ਦੇ ਅੰਦਰ ਦਾਖਲ ਹੋਏ । ਸਕੂਲ ਦੇ ਅੰਦਰ ਵੜਦੇ ਸਾਰ ਹੀ ਤੇਜ਼ਧਾਰ ਹਥਿਆਰਾਂ ਨਾਲ ਲੈਸ ਬਦਮਾਸ਼ਾਂ ਨੇ ਨਛੱਤਰ ਸਿੰਘ ਨੂੰ ਬੰਧਕ ਬਣਾ ਲਿਆ।ਇੱਕ ਬਦਮਾਸ਼ ਨਛੱਤਰ ਸਿੰਘ ਦੇ ਕੋਲ ਬੈਠ ਗਿਆ ਤੇ ਬਾਕੀ ਸਾਰੇ ਸਕੂਲ ਦੇ ਦਫ਼ਤਰ ਅੰਦਰ ਚਲੇ ਗਏ ।ਦਰਾਜ ਤੋੜ ਕੇ ਬਦਮਾਸ਼ਾਂ ਨੇ ਦਫਤਰ ਦੇ ਕੈਬਿਨ ਚੋਂ 1 ਲੱਖ 82 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ ।ਜਾਂਦੇ ਸਮੇਂ ਬਦਮਾਸ਼ ਐਲਈਡੀ ਅਤੇ ਨਛੱਤਰ ਸਿੰਘ ਦਾ ਮੋਟਰਸਾਈਕਲ ਵੀ ਲੁੱਟ ਕੇ ਲੈ ਗਏ ।

ਸਕੂਲ ਦੇ ਅੰਦਰ ਕੀਤੀ ਬੁਰੀ ਤਰ੍ਹਾਂ ਤੋੜ ਭੰਨ

ਨਛੱਤਰ ਸਿੰਘ ਨੇ ਦੱਸਿਆ ਕਿ ਬਦਮਾਸ਼ਾਂ ਨੇ ਉਸ ਨੂੰ ਬੰਧਕ ਬਣਾ ਲਿਆ ਅਤੇ ਸਕੂਲ ਦੇ ਅੰਦਰ ਤੋੜ ਭੰਨ ਕਰਨੀ ਸ਼ੁਰੂ ਕਰ ਦਿੱਤੀ । ਬਦਮਾਸ਼ਾਂ ਨੇ ਇਸ ਕਦਰ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਕਿ ਉਨ੍ਹਾਂ ਦੇ ਚਲੇ ਜਾਣ ਤੋਂ ਬਾਅਦ ਵੀ ਨਛੱਤਰ ਸਿੰਘ ਸਹਿਮਿਆ ਰਿਹਾ ।

ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ ਵਾਰਦਾਤ ਦੀਆਂ ਤਸਵੀਰਾਂ

ਪੁਲਿਸ ਦੇ ਮੁਤਾਬਕ ਵਾਰਦਾਤ ਦੇ ਵੇਲੇ ਦੀਆਂ ਸਾਰੀਆਂ ਤਸਵੀਰਾਂ ਸਕੂਲ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ । ਜਾਣਕਾਰੀ ਦਿੰਦਿਆਂ ਤਫ਼ਤੀਸ਼ੀ ਅਫ਼ਸਰ ਬਲਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਜਸਵੀਰ ਕੌਰ ਦੇ ਬਿਆਨ ਲੈ ਕੇ ਅਣਪਛਾਤੇ ਚਾਰ ਬਦਮਾਸ਼ਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ । ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਬਦਮਾਸ਼ਾਂ ਨੂੰ ਤਲਾਸ਼ਣ ਦਾ ਯਤਨ ਕਰ ਰਹੀ ਹੈ ।

Posted By: Tejinder Thind