ਕੁਲਵਿੰਦਰ ਸਿੰਘ ਰਾਏ, ਖੰਨਾ : ਐੱਸਟੀਐੱਫ ਵੱਲੋਂ ਨਸ਼ਾ ਤਸਕਰੀ ਦੇ ਮਾਮਲੇ 'ਚ ਕਾਬੂ ਕੀਤੇ ਗੁਰਦੀਪ ਸਿੰਘ ਰਾਣੋਂ ਦੇ ਮਾਮਲੇ 'ਚ ਮੰਗਲਵਾਰ ਨੂੰ ਖੰਨਾ ਪੁਲਿਸ ਦੇ ਹੱਥ ਰਾਣੋਂ ਦਾ ਨਜਦੀਕੀ ਆਇਆ ਹੈ। ਇਹ ਵਿਅਕਤੀ ਖੰਨਾ ਦੇ ਮਾਡਲ ਟਾਊਨ ਇਲਾਕੇ 'ਚ ਹੈਰੋਇਨ ਸਪਲਾਈ ਦੇ ਅੱਡਾ ਬਣੀ ਕੋਠੀ ਦਾ ਮਾਲਕ ਦੱਸਿਆ ਜਾ ਰਿਹਾ ਹੈ। ਖੰਨਾ ਪੁਲਿਸ ਨੇ ਫਿਲਹਾਲ ਇਸਦਾ ਖੁਲਾਸਾ ਨਹੀਂ ਕੀਤਾ ਹੈ ਤੇ ਅਧਿਕਾਰੀ ਕਿਸੇ ਵੀ ਗ੍ਰਿਫਤਾਰੀ ਤੋਂ ਮਨਾ ਕਰ ਰਹੇ ਹਨ। ਫੜੇ ਗਏ ਨੌਜਵਾਨ ਦਾ ਨਾਮ ਬੱਬਲ ਦੱਸਿਆ ਜਾ ਰਿਹਾ ਹੈ। ।

ਜਾਣਕਾਰੀ ਅਨੁਸਾਰ ਖੰਨਾ ਪੁਲਿਸ ਦੀ ਇੱਕ ਟੀਮ ਨੇ ਮੰਗਲਵਾਰ ਦੁਪਹਿਰ ਬਾਅਦ ਕਰੀਬ 4 ਵਜੇ ਬੱਬਲ ਦੀ ਕੋਠੀ 'ਤੇ ਛਾਪਾਮਾਰੀ ਕੀਤੀ। ਪੁਲਿਸ ਨੂੰ ਪੱਕੀ ਸੂਚਨਾ ਮਿਲੀ ਸੀ ਕਿ ਬੱਬਲ ਸੋਮਵਾਰ ਦੀ ਰਾਤ ਨੂੰ ਕੋਠੀ ਆਇਆ ਸੀ ਤੇ ਉਥੇ ਹੀ ਮੌਜੂਦ ਹੈ। ਪੁਲਿਸ ਦੀ ਟੀਮ ਸ਼ਾਮ 4 ਵਜੇ ਦੋ-ਪਹੀਆ ਵਾਹਨਾਂ 'ਤੇ ਆਈ। ਘਰ ਤੋਂ ਆਰਾਮ ਨਾਲ ਬੱਬਲ ਨੂੰ ਇੱਕ ਸਕੂਟਰ 'ਤੇ ਦੋ ਪੁਲਿਸ ਵਾਲਿਆਂ ਦੇ ਵਿਚਕਾਰ ਬਿਠਾਇਆ ਤੇ ਆਪਣੇ ਨਾਲ ਲੈ ਗਏ। ਬੱਬਲ ਤੋਂ ਵੱਡੇ ਪੁਲਿਸ ਅਧਿਕਾਰੀ ਪੁੱਛਗਿਛ ਕਰਨ ਲੱਗੇ ਹਨ। ਰਾਣੋਂ ਦੇ ਹੈਰੋਇਨ ਤਸਕਰੀ ਦੇ ਨੈੱਟਵਰਕ 'ਚ ਬੱਬਲ ਨੂੰ ਇਕ ਮਜ਼ਬੂਤ ਕੜੀ ਮੰਨਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਬੱਬਲ ਦੇ ਖ਼ਿਲਾਫ਼ ਪਹਿਲਾਂ ਵੀ ਐੱਨਡੀਪੀਐੱਸ ਐਕਟ ਤਹਿਤ ਸੰਗਰੂਰ ਜ਼ਿਲ੍ਹੇ ਦੀ ਅਮਰਗੜ ਦੀ ਪੁਲਿਸ ਨੇ 2017 'ਚ ਨਸ਼ਾ ਤਸਕਰੀ ਦਾ ਮਾਮਲਾ ਦਰਜ ਹੈ।


ਪੁਲਿਸ ਦਾ ਗ੍ਰਿਫਤਾਰੀ ਤੋਂ ਮਨਾਹੀ

ਪੁਲਿਸ ਨੇ ਬੱਬਲ ਜਾਂ ਕਿਸੇ ਹੋਰ ਵਿਅਕਤੀ ਦੀ ਰਾਣੋਂ ਦੇ ਮਾਮਲੇ 'ਚ ਗ਼ਿਫਤਾਰੀ ਦੀ ਮਨਾਹੀ ਕੀਤੀ ਹੈ। ਐੱਸਐੱਚਓ ਸਿਟੀ-1 ਸਿਕੰਦਰ ਸਿੰਘ ਨੇ ਕਿਹਾ ਕਿ ਉਹ ਅਦਾਲਤ 'ਚ ਕਿਸੇ ਕੰਮ 'ਚ ਰੁੱਝੇ ਹੋਏ ਸਨ। ਇਸ ਕਾਰਨ ਉਨ੍ਹਾਂ ਨੂੰ ਇਸਦੀ ਜਾਣਕਾਰੀ ਹੀ ਨਹੀਂ ਹੈ। ਡੀਐੱਸਪੀ ਖੰਨਾ ਰਾਜਨ ਪਰਮਿੰਦਰ ਸਿੰਘ ਨੇ ਕਿਹਾ ਕਿ ਰਾਣੋਂ ਦੇ ਮਾਮਲੇ 'ਚ ਕਿਸੇ ਦੀ ਗ੍ਰਿਫਤਾਰੀ ਮੰਗਲਵਾਰ ਨੂੰ ਨਹੀਂ ਕੀਤੀ ਗਈ ਹੈ।

Posted By: Jagjit Singh