ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਚ 21-22 ਸਤੰਬਰ ਨੂੰ ਲੱਗ ਰਹੇ ਕਿਸਾਨ ਮੇਲੇ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਮੇਲੇ ਦਾ ਉਦੇਸ਼ 'ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤੁ ਮਹਤੁ' ਰੱਖਿਆ ਗਿਆ ਹੈ। ਕਿਸਾਨ ਮੇਲੇ 'ਚ ਸਨਮਾਨਿਤ ਹੋਣ ਵਾਲੇ ਪਿੰਡਾਂ ਤੇ ਅਗਾਂਹਵਧੂ ਕਿਸਾਨਾਂ ਦੇ ਨਾਵਾਂ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਇਨ੍ਹਾਂ ਸਨਮਾਨਾਂ ਵਿਚ 'ਰਾਜਪਾਲ ਸਰਵੋਤਮ ਪਿੰਡ ਪੁਰਸਕਾਰ' ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਟੋਡਰਪੁਰ ਨੂੰ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਕੀਤੇ ਕਾਰਜਾਂ ਲਈ ਦਿੱਤਾ ਜਾਵੇਗਾ। ਇਸੇ ਤਰ੍ਹਾਂ ਸਰਵੋਤਮ ਟੋਭੇ ਲਈ 'ਭਾਈ ਬਾਬੂ ਸਿੰਘ ਬਰਾੜ ਐਵਾਰਡ' ਦੀ ਸ਼ੁਰੂਆਤ ਵੀ ਇਸ ਸਾਲ ਹੋ ਰਹੀ ਹੈ। ਇਹ ਐਵਾਰਡ ਜਲੰਧਰ ਜ਼ਿਲ੍ਹੇ ਦੇ ਮਹਿਤਪੁਰ ਬਲਾਕ ਦੇ ਪਿੰਡ ਹਰੀਪੁਰ ਨੂੰ ਦਿੱਤਾ ਜਾ ਰਿਹਾ ਹੈ। ਪ੍ਰਵਾਸੀ ਭਾਰਤੀ ਪੁਰਸਕਾਰ ਲਈ ਜਗਤਾਰ ਸਿੰਘ ਸਰਾਂ ਵਾਸੀ ਮੰਡੀ ਖੁਰਦ ਜ਼ਿਲ੍ਹਾ ਬਠਿੰਡਾ ਨੂੰ ਨਵੀਆਂ ਖੇਤੀ ਤਕਨੀਕਾਂ ਅਪਨਾਉਣ ਲਈ, ਦਲੀਪ ਸਿੰਘ ਧਾਲੀਵਾਲ ਐਵਾਰਡ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਪਤਰੇਵਾਲਾ ਦੇ ਰੁਬਾਸ਼ ਸਿੰਘ ਜਾਖੜ ਨੂੰ, ਜਗਬੀਰ ਕੌਰ ਗਰੇਵਾਲ ਯਾਦਗਾਰੀ ਪੁਰਸਕਾਰ ਜ਼ਿਲ੍ਹਾ ਮੋਗਾ ਦੇ ਪਿੰਡ ਅਜੀਤਵਾਲ ਦੀ ਪਰਮਜੀਤ ਕੌਰ ਨੂੰ ਅਤੇ ਉਜਾਗਰ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ ਪਿੰਡ ਕੋਠੇ ਰਾਮਸਰ ਜ਼ਿਲ੍ਹਾ ਫਰੀਦਕੋਟ ਦੇ ਦਲੀਪ ਸਿੰਘ ਨੂੰ ਦਿੱਤਾ ਜਾ ਰਿਹਾ ਹੈ। ਡਾ. ਮਾਹਲ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਸਿਰਫ ਖੇਤੀ ਨੂੰ ਤਕਨੀਕੀ ਸੇਧ ਹੀ ਨਹੀਂ ਦਿੰਦੀ, ਸਗੋਂ ਇਸ ਮਾਰਗ 'ਤੇ ਮੱਲਾਂ ਮਾਰਨ ਵਾਲੇ ਕਿਸਾਨਾਂ ਨੂੰ ਮਾਣ ਸਨਮਾਨ ਵੀ ਦਿੰਦੀ ਹੈ। ਮੇਲੇ ਦੀਆਂ ਤਿਆਰੀਆਂ ਸਬੰਧੀ ਗੱਲਬਾਤ ਕਰਦਿਆਂ ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਿਢੱਲੋਂ ਨੇ ਦੱਸਿਆ ਕਿ ਕੁਦਰਤੀ ਸਰੋਤਾਂ ਦਾ ਫਿਕਰ ਅੱਜ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ। ਇਹ ਕਿਸਾਨ ਮੇਲਾ ਕਿਸਾਨਾਂ ਨੂੰ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੀਆਂ ਨਵੀਆਂ ਕਿਸਮਾਂ, ਨਵੀਆਂ ਉਤਪਾਦਨ ਵਿਧੀਆਂ ਤੇ ਮਸ਼ੀਨਰੀ ਨਾਲ ਜੋੜਨ ਦਾ ਮੰਚ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕੋਨੇ-ਕੋਨੇ ਤੋਂ ਇਸ ਮੇਲੇ ਵਿਚ ਹਰ ਸਾਲ ਭਾਰੀ ਗਿਣਤੀ ਵਿਚ ਪਰਿਵਾਰਾਂ ਸਮੇਤ ਪਹੁੰਚਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਪੀਏਯੂ ਮਾਹਿਰਾਂ ਨੂੰ ਆਪਣੇ ਸਵਾਲਾਂ ਨਾਲ ਮਿਲਦੇ ਹਨ। ਇਸ ਤਰ੍ਹਾਂ ਨਾ ਸਿਰਫ਼ ਭਵਿੱਖ ਦੀ ਖੇਤੀ ਖੋਜ ਦੀ ਦਿਸ਼ਾ ਨਿਰਧਾਰਤ ਹੁੰਦੀ ਹੈ, ਸਗੋਂ ਮਾਹਿਰਾਂ ਨੂੰ ਆਪਣੀ ਖੋਜ ਦੇ ਅਸਲ ਸਿੱਟਿਆਂ ਬਾਰੇ ਵੀ ਪਤਾ ਲੱਗਦਾ ਰਹਿੰਦਾ ਹੈ। ਉਨ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਪਰਿਵਾਰਾਂ ਸਮੇਤ ਇਸ ਮੇਲੇ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ। ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਦੱਸਿਆ ਕਿ ਇਸ ਮੇਲੇ ਵਿਚ ਆਉਂਦੀ ਹਾੜ੍ਹੀ ਦੇ ਸੀਜ਼ਨ ਲਈ ਨਵੀਆਂ ਫ਼ਸਲਾਂ ਤੇ ਸਬਜ਼ੀਆਂ ਦੀਆਂ ਕਿਸਮਾਂ ਦੇ ਨਾਲ-ਨਾਲ ਪੀਏਯੂ ਵੱਲੋਂ ਪਰਖੀਆਂ ਉਤਪਾਦਨ ਵਿਧੀਆਂ ਕਿਸਾਨਾਂ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਜਸਕਰਨ ਸਿੰਘ ਮਾਹਲ ਨੇ ਇਸ ਕਿਸਾਨ ਮੇਲੇ ਦੀਆਂ ਪ੍ਰਮੁੱਖ ਝਲਕੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਖੇਤ ਪ੍ਰਦਰਸ਼ਨੀਆਂ, ਮਸ਼ੀਨਰੀ ਦੇ ਪ੍ਰਦਰਸ਼ਨ ਸਬੰਧੀ ਵੱਖ-ਵੱਖ ਫਰਮਾਂ ਵੱਲੋਂ ਆਪਣੇ ਸਟਾਲ ਲਾਏ ਜਾਣਗੇ। ਪੀਏਯੂ ਦੇ ਵੱਖ-ਵੱਖ ਵਿਭਾਗ ਸਬੰਧਿਤ ਕਿਸਾਨਾਂ ਨਾਲ ਆਪਣੀਆਂ ਖੋਜਾਂ ਸਾਂਝੀਆਂ ਕਰਨਗੇ। ਕਿਸਾਨਾਂ ਨੂੰ ਹਾੜ੍ਹੀ ਦੀਆਂ ਫ਼ਸਲਾਂ ਵਿਚ ਖਾਦਾਂ ਤੇ ਖੇਤੀ ਰਸਾਇਣਾਂ ਦੀ ਢੁੱਕਵੀਂ ਵਰਤੋਂ ਬਾਰੇ ਤਕਨੀਕੀ ਸੈਸ਼ਨਾਂ 'ਚ ਮਾਹਿਰ ਆਪਣੀਆਂ ਵਿਚਾਰ ਰੱਖਣਗੇ।