ਸਰਵਣ ਸਿੰਘ ਭੰਗਲਾਂ, ਸਮਰਾਲਾ

ਪੰਜਾਬੀ ਸੱਥ ਬਰਵਾਲੀ ਵੱਲੋਂ ਕਰਵਾਏ ਜਾਂਦੇ ਬੱਤਰਾ ਯਾਦਗਾਰੀ ਮਿੰਨੀ ਕਹਾਣੀ ਮੁਕਾਬਲੇ ਦੇ ਨਤੀਜਿਆਂ ਦਾ ਐਲਾਨ ਬੁੱਧਵਾਰ ਕਰ ਦਿੱਤਾ ਗਿਆ ਹੈ, ਜਿਸ 'ਚ ਅਮਰਜੀਤ ਕੌਰ ਹਰੜ ਦੀ ਕਹਾਣੀ 'ਤਿੜਕਿਆ ਭਾਂਡਾ' ਨੇ ਪਹਿਲਾ ਸਥਾਨ ਹਾਸਿਲ ਕੀਤਾ, ਜਦਕਿ ਦੂਸਰੇ ਸਥਾਨ 'ਤੇ ਮਨਿੰਦਰ ਭਾਟੀਆ ਦੀ ਕਹਾਣੀ ਸਫ਼ੈਦ ਖ਼ੂਨ ਰਹੀ ਤੇ ਜਸਵੀਰ ਦੱਧਾਹੂਰ ਦੀ ਕਹਾਣੀ ਖ਼ੌਫ਼ ਨੇ ਤੀਜਾ ਸਥਾਨ ਪ੍ਰਰਾਪਤ ਕੀਤਾ।

ਇਸੇ ਤਰ੍ਹਾਂ ਮਾ. ਸੁਖਵਿੰਦਰ ਸਿੰਘ ਦਾਨਗੜ ਦੀ ਕਹਾਣੀ 'ਗੁਲਦਸਤਾ' ਨੂੰ ਹੌਸਲਾ ਅਫ਼ਜ਼ਾਈ ਲਈ ਚੁਣਿਆ ਗਿਆ ਹੈ। ਸੱਥ ਦੇ ਮੁੱਖ ਨਿਗਰਾਨ ਗੁਰਦੀਪ ਸਿੰਘ ਕੰਗ, ਤੇਲੂ ਰਾਮ ਕੁਹਾੜਾ, ਰਾਮਦਾਸ ਬੰਗੜ, ਰਾਜਵਿੰਦਰ ਸਮਰਾਲਾ, ਦਰਸ਼ਪ੍ਰਰੀਤ ਸਿੰਘ ਬੱਤਰਾ, ਚਮਕੌਰ ਘਣਗਸ, ਸੁੱਖਾ ਖੱਟਰਾਂ ਤੇ ਅਵਤਾਰ ਕੋਟਾਲਾ ਨੇ ਦੱਸਿਆ ਕਿ ਅਮਰਜੀਤ ਕੌਰ ਦੀ ਲਿਖੀ ਕਹਾਣੀ 'ਚ ਲੇਖਕਾ ਵੱਲੋਂ ਤਿੜਕਿਆ ਭਾਂਡਾ ਕਹਾਣੀ ਰਾਹੀਂ ਨੂੰਹ ਸੱਸ ਦੇ ਰਿਸ਼ਤੇ ਨੂੰ ਬੋਲ ਕਬੋਲਾਂ ਨਾਲ ਠੇਸ ਪਹੁੰਚਾਉਂਦੀਆਂ ਅਖ਼ੌਤੀ ਸੱਸਾਂ ਦੇ ਬੋਲਾਂ ਤੇ ਕਰਾਰੀ ਚੋਟ ਮਾਰੀ ਹੈ, ਜਦਕਿ ਸਫ਼ੈਦ ਖ਼ੂਨ ਰਾਹੀਂ ਮਨਿੰਦਰ ਭਾਟੀਆ ਵੱਲੋਂ ਪੈਸੇ ਦੀ ਹੋੜ 'ਚ ਫਸੀਆਂ ਅੌਲਾਦਾਂ ਵਲੋਂ ਅੱਖੋਂ ਪਰੋਖੇ ਕੀਤੇ ਜਾਂਦੇ ਮਾਪਿਆਂ ਦੇ ਦਰਦ ਨੂੰ ਬਾਖ਼ੂਬੀ ਬਿਆਨ ਕੀਤਾ ਗਿਆ ਹੈ। ਤੀਜੇ ਸਥਾਨ 'ਤੇ ਰਹੀ ਜਸਵੀਰ ਦੱਧਾਹੂਰ ਦੀ ਕਹਾਣੀ 'ਖ਼ੌਫ਼' 'ਚ ਖ਼ੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੇ ਦਰਦ ਨੂੰ ਬਿਆਨ ਕੀਤਾ ਗਿਆ ਹੈ।

ਇਸੇ ਤਰ੍ਹਾਂ ਮਾ. ਸੁਖਵਿੰਦਰ ਸਿੰਘ ਦਾਨਗੜ ਦੀ ਕਹਾਣੀ 'ਗੁਲਦਸਤਾ' 'ਚ ਸਮਾਜ ਅੰਦਰ ਧੀਆਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਨੂੰ ਪੇਸ਼ ਕੀਤਾ ਗਿਆ ਹੈ। ਜੇਤੂ ਰਹੇ ਕਹਾਣੀਕਾਰਾਂ ਨੂੰ ਪਿੰਡ ਬਰਵਾਲੀ ਖ਼ੁਰਦ 'ਚ 7 ਮਾਰਚ ਨੂੰ ਕਰਵਾਏ ਜਾਣ ਵਾਲੇ 22ਵੇਂ ਸਾਲਾਨਾ ਸਾਹਿਤਕ ਤੇ ਸਨਮਾਨ ਸਮਾਗਮ 'ਚ ਬੱਤਰਾ ਪਰਿਵਾਰ ਵੱਲੋਂ ਸਨਮਾਨਿਤ ਕੀਤਾ ਜਾਵੇਗਾ।