ਜੇਐਨਐਨ, ਲੁਧਿਆਣਾ : ਡੇਹਲੋਂ ਕੋਲ ਪਿੰਡ ਜੜਤੌਲੀ ਵਿਚ ਖੇਤਾਂ ਵਿਚ ਬਣੇ ਘਰ 'ਚ 30 ਹਜ਼ਾਰ ਰੁਪਏ ਲੈ ਕੇ ਭਰੂਣ ਲਿੰਗ ਟੈਸਟ ਕੀਤਾ ਜਾਂਦਾ ਸੀ। ਇਸ ਲਈ ਏਜੰਟ ਚਾਰ ਹਜ਼ਾਰ ਰੁਪਏ ਕਮੀਸ਼ਨ ਲੈਂਦਾ ਸੀ। ਅੰਬਾਲਾ ਦੀ ਪੀਐਨਡੀਟੀ ਸੈਲ ਦੀ ਟੀਮ ਨੇ ਸਿਹਤ ਵਿਭਾਗ ਨੂੰ ਨਾਲ ਲੈ ਕੇ ਉਥੇ ਛਾਪਾ ਮਾਰ ਕੇ ਇਸ ਖੇਡ ਦਾ ਪਰਦਾਫਾਸ਼ ਕੀਤਾ ਗਿਆ। ਛਾਪੇਮਾਰੀ ਦੌਰਾਨ ਭਰੂਣ ਲਿੰਗ ਟੈਸਟ ਕਰਨ ਵਾਲਾ ਜੋੜਾ ਫਰਾਰ ਹੋ ਗਿਆ ਸੀ ਪਰ ਏਜੰਟ ਕੁਲਵਿੰਦਰ ਪੁਲਿਸ ਦੇ ਹੱਥੇ ਲੱਗ ਗਿਆ। ਸੈਲ ਨੇ ਇਸ ਦੀ ਸ਼ਿਕਾਇਤ ਥਾਣਾ ਸਦਰ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਦੋਸ਼ੀ ਕੁਲਵਿੰਦਰ ਕੋਲੋਂ ਪੁੱਛ ਪੜਤਾਲ ਕਰ ਰਹੀ ਹੈ।

ਅੰਬਾਲਾ ਟੀਮ ਦੇ ਮੈਂਬਰ ਮੁਨੀਸ਼ ਕੁਮਾਰ ਨੇ ਦੱਸਿਆ ਕਿ ਅੰਬਾਲਾ ਕੋਲ ਸ਼ੰਭੂ ਬੈਰੀਅਰ ਦੇ ਪਿੰਡ ਦਾ ਕੁਲਵਿੰਦਰ ਸਿੰੰਘ ਦੋਸ਼ੀਆਂ ਦਾ ਏਜੰਟ ਸੀ। ਉਹ ਅਕਸਰ ਇਥੋਂ ਭਰੂਣ ਲਿੰਗ ਜਾਂਚ ਕਰਾਉਣ ਲਈ ਗਾਹਕ ਲੈ ਕੇ ਜਾਂਦਾ ਸੀ। ਗਰਭਵਤੀ ਔਰਤ ਜ਼ਰੀਏ ਉਨ੍ਹਾਂ ਨੇ ਇਸ ਨੂੰ ਟਰੈਪ ਕੀਤਾ। ਔਰਤ ਜ਼ਰੀਏ ਕੁਲਵਿੰਦਰ ਨੂੰ ਮਿਲੇ ਅਤੇ ਫਿਰ ਤੈਅ ਪੈਸਿਆਂ ਨਾਲ ਕੁਲਵਿੰਦਰ ਨਾਲ ਪ੍ਰਾਈਵੇਟ ਗੱਡੀ 'ਤੇ ਭੇਜਿਆ। ਪਿੰਡ ਜੜਤੌਲੀ ਦੇ ਖੇਤਾਂ ਵਿਚ ਬਣੇ ਘਰ ਵਿਚ ਗੁਰਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਅਮਨਦੀਪ ਕੌਰ ਨਾਜਾਇਜ਼ ਸੈਂਟਰ ਚਲਾਉਂਦੇ ਸਨ। ਜਤਿੰਦਰ ਨਾਂ ਦਾ ਡਾਕਟਰ ਟੈਸਟ ਕਰਦਾ ਸੀ।

ਥਾਣਾ ਸਦਰ ਪੁਲਿਸ ਨੇ ਗੁਰਪ੍ਰੀਤ ਸਿੰਘ ਅਤੇ ਉਸਦੀ ਪਤਨੀ ਅਮਨਦੀਪ ਕੌਰ, ਏਜੰਟ ਕੁਲਵਿੰਦਰ ਸਿੰਘ ਅਤੇ ਡਾ. ਜਤਿੰਦਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਕੁਲਵਿੰਦਰ ਨੂੰ ਅਦਾਲਤ ਵਿਚ ਪੇਸ਼ ਕਰ ਇਕ ਦਿਨ ਦਾ ਰਿਮਾਂਡ ਲਿਆ ਹੈ। ਪੁਲਿਸ ਉਸ ਨੂੰ ਪੁੱਛਗਿੱਛ ਕਰ ਰਹੀ ਹੈ। ਪੁਲਿਸ ਜਾਂਚ ਅਧਿਕਾਰੀ ਪ੍ਰੀਤਪਾਲ ਸਿੰਘ ਨੇ ਕਿਹਾ ਕਿ ਡਾ. ਜਤਿੰਦਰ ਬਾਰੇ ਪਤਾ ਲਗਾ ਰਹੇ ਹਨ।

ਹੈਰਾਨੀ ਦੀ ਗੱਲ ਹੈ ਕਿ ਸਿਹਤ ਵਿਭਾਗ ਦੀ ਟੀਮ ਜ਼ਿਲ੍ਹਾ ਹੈਡਕੁਆਟਰ ਤੋਂ 30 ਕਿਲੋਮੀਟਰ ਦੂਰ ਸਥਿਤ ਪਿੰਡ ਜੜਤੌਲੀ ਵਿਚ ਚਲ ਰਹੇ ਗੋਰਖਧੰਦੇ ਦਾ ਪਤਾ ਨਹੀਂ ਲਗਾ ਸਕੀ ਤੇ 110 ਕਿਲੋਮੀਟਰ ਦੂਰ ਤੋਂ ਅੰਬਾਲਾ ਟੀਮ ਨੇ ਟਰੈਪ ਕਰ ਲਿਆ। ਸਿਹਤ ਵਿਭਾਗ ਦੀ ਟੀਮ ਆਪਣੀ ਨਾਕਾਮੀ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ।

Posted By: Tejinder Thind