ਐੱਸਪੀ ਜੋਸ਼ੀ ਲੁਧਿਆਣਾ: ਸਥਾਨਕ ਰਾਜੂ ਕਾਲੋਨੀ ਤਾਜਪੁਰ ਰਹਿਣ ਵਾਲੇ ਪਰਿਵਾਰ ਉੱਪਰ ਜਾਇਦਾਦ ਦੇ ਵਿਵਾਦ ਨੂੰ ਲੈ ਕੇ ਭਰਾ ਨੇ ਸਾਥੀਆਂ ਸਣੇ ਘਰ ਵਿਚ ਵੜ ਕੇ ਕਾਤਲਾਨਾ ਹਮਲਾ ਕਰ ਦਿੱਤਾ। ਉਕਤ ਮਾਮਲੇ ਵਿਚ ਥਾਣਾ ਜਮਾਲਪੁਰ ਪੁਲਿਸ ਨੇ ਵਾਰਦਾਤ ਦਾ ਸ਼ਿਕਾਰ ਹੋਏ ਸਮੇਂ ਸਿੰਘ ਦੇ ਬਿਆਨ ਉੱਪਰ ਲੋਕੇਸ਼ ਧੀਮਾਨ ,ਅਨੀਤਾ ,ਪੁਸ਼ਪਿੰਦਰ ,ਮਨਜੀਤ ,ਮੰਨਤ ,ਲੱਕੀ, ਕਾਜਲ, ਪਰੀ ਅਤੇ ਨੀਰਜ ਯਾਦਵ ਖ਼ਿਲਾਫ਼ ਵੱਖ ਵੱਖ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਹੈ।

ਸਮੇਂ ਸਿੰਘ ਮੁਤਾਬਕ ਆਰੋਪੀ ਲੁਕੇਸ਼ ਧੀਮਾਨ ਉਸ ਦੇ ਤਾਏ ਦਾ ਪੁੱਤਰ ਹੈ।ਮੁਦਈ ਦੇ ਹਿੱਸੇ ਆਉਂਦੀ ਪੁਸ਼ਤੈਨੀ ਜਾਇਦਾਦ ਦੇ ਬਟਵਾਰੇ ਨੂੰ ਲੈ ਕੇ ਮੁਦਈ ਦਾ ਆਰੋਪੀ ਲੁਕੇਸ਼ ਨਾਲ ਕਈ ਵਾਰ ਝਗੜਾ ਹੋਇਆ। ਮੁਦਈ ਮੁਤਾਬਕ ਆਰੋਪੀ ਨੇ ਪਹਿਲਾਂ ਵੀ ਕਈ ਵਾਰ ਉਸ ਨਾਲ ਜ਼ਮੀਨੀ ਵਿਵਾਦ ਦੇ ਚਲਦਿਆਂ ਕੁੱਟਮਾਰ ਕੀਤੀ ਪਰ ਪਰਿਵਾਰਕ ਰਾਜ਼ੀਨਾਮੇ ਮਗਰੋਂ ਝਗੜਾ ਨਿਬੇੜ ਦਿੱਤਾ ਗਿਆ। ਵਾਰਦਾਤ ਵਾਲੇ ਦਿਨ ਫਿਰ ਰੰਜਿਸ਼ ਦੇ ਚਲਦਿਆਂ ਆਰੋਪੀ ਲੁਕੇਸ਼ ਧੀਮਾਨ ਨੇ ਬਾਕੀ ਆਰੋਪੀਆਂ ਸਣੇ ਹਥਿਆਰਬੰਦ ਹੋ ਕੇ ਮੁਦਈ ਦੇ ਘਰ ਜਬਰੀ ਦਾਖ਼ਲ ਹੋ ਕੇ ਕਾਤਲਾਨਾ ਹਮਲਾ ਕਰ ਦਿੱਤਾ।ਸਮੇਂ ਸਿੰਘ ਮੁਤਾਬਕ ਆਰੋਪੀਆਂ ਨੇ ਉਸ ਦੀ ਪਤਨੀ ਅਤੇ ਪਰਿਵਾਰਕ ਮੈਂਬਰਾਂ ਉੱਪਰ ਹਮਲਾ ਕਰਨ ਮਗਰੋਂ ਘਰ ਵਿੱਚ ਪਏ ਸਾਮਾਨ ਦੀ ਤੋਡ਼ ਭੰਨ ਕੀਤੀ। ਜਦ ਪੀਡ਼ਤ ਪਰਿਵਾਰ ਨੇ ਜਾਨ ਬਚਾਉਣ ਲਈ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਸਾਰੇ ਆਰੋਪੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ।ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਮੁਤਾਬਕ ਸਮੇਂ ਸਿੰਘ ਦੇ ਬਿਆਨ ਉੱਪਰ ਆਰੋਪੀਆਂ ਖਿਲਾਫ ਵੱਖ ਵੱਖ ਦੋਸ਼ਾਂ ਤਹਿਤ ਪਰਚਾ ਦਰਜ ਕਰ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।

Posted By: Tejinder Thind