ਸੰਜੀਵ ਗੁਪਤਾ, ਜਗਰਾਓਂ

ਬੇਟ ਇਲਾਕੇ ਵਿੱਚ ਛੜੱਲੇ ਨਾਲ ਚਲਦੇ ਨਾਜਾਇਜ ਸ਼ਰਾਬ ਦੇ ਧੰਦੇ ਨੂੰ ਰੋਕਣ ਲਈ ਐਕਸਾਇਜ ਵਿਭਾਗ ਦੀ ਟੀਮ ਨੇ 2 ਦਿਨ ਡੇਰਾ ਲਗਾੳਂੁਦਿਆ ਤਸਕਰਾਂ ਨੂੰ ਭਾਜੜਾ ਪਾਈਆਂ। ਇਸ ਦੋ ਰੋਜਾਂ ਮੁਹਿੰਮ ਦੌਰਾਨ ਟੀਮ ਨੇ 42 ਹਜਾਰ ਕਿਲੋ ਲਾਹਨ ਅਤੇ ਸ਼ਰਾਬ ਕੱਢਣ ਲਈ ਰੱਖੀਆਂ ਭੱਠੀਆਂ ਅਤੇ ਹੋਰ ਸਮਾਨ ਬਰਾਮਦ ਕੀਤਾ। ਐਕਸਾਇਜ ਵਿਭਾਗ ਦੇ ਇੰਸਪੈਕਟਰ ਇੰਦਰਪਾਲ ਸਿੰਘ ਨੇ ਦੱਸਿਆ ਕਿ ਵਿਭਾਗ ਦੀ ਟੀਮ ਅਤੇ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਦੇ ਸਹਿਯੋਗ ਨਾਲ ਸ਼ੁਕਰਵਾਰ ਨੂੰ ਪਿੰਡ ਕੰਨੀਆਂ, ਪਰਜੀਆਂ ਅਤੇ ਬਿਹਾਰੀਪੁਰ ਵਿਖੇ ਛਾਪਾਮਾਰੀ ਕੀਤੀ ਗਈ। ਜਿਸ ਦੌਰਾਨ ਟੀਮ ਨੇ 20 ਹਜਾਰ ਕਿਲੋ ਲਾਹਣ ਬਰਾਮਦ ਕਰ ਕੇ ਉਸ ਨੂੰ ਮੌਕੇ 'ਤੇ ਹੀ ਨਸ਼ਟ ਕੀਤਾ। ਇਸੇ ਤਰ੍ਹਾਂ ਸ਼ਨੀਵਾਰ ਨੂੰ ਵੀ ਇਹ ਮੁਹਿੰਮ ਜਾਰੀ ਰੱਖਦਿਆ ਪਿੰਡ ਬਹਾਦਰ ਕੇ ਛਾਪਾ ਮਾਰਿਆ। ਇਸ ਦੌਰਾਨ ਸਤਲੁਜ ਦਰਿਆ ਕੰਢੇ ਸ਼ਰਾਬ ਕੱਢ ਰਹੇ ਤਸਕਰ ਟੀਮ ਨੂੰ ਦੇਖ ਕੇ ਦਰਿਆ ਪਾਰ ਕਰਕੇ ਭੱਜ ਨਿਕਲੇ। ਇਸ ਦੌਰਾਨ ਪੁਲਿਸ ਟੀਮ ਨੂੰ ਕਈ ਸ਼ਰਾਬ ਕੱਢਣ ਵਾਲੀਆਂ ਭੱਠੀਆਂ, ਡਰੱਮ, ਭਾਂਡੇ ਅਤੇ 22 ਹਜਾਰ ਕਿਲੋ ਲਾਹਣ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਦੋ ਦਿਨਾਂ ਵਿੱਚ 42 ਹਜਾਰ ਕਿਲੋ ਲਾਹਨ ਮਿਲਣਾ ਵੱਡੀ ਪ੍ਰਰਾਪਤੀ ਹੈ। ਪੂਰੀ ਟੀਮ ਨੇ ਮਿਹਨਤ ਕਰਕੇ ਜਿਥੇ ਸ਼ਰਾਬ ਤਸਕਰਾਂ ਨੂੰ ਭਾਜੜਾ ਪਾਈਆਂ, ਉਥੇ ਨਜਾਇਜ ਸ਼ਰਾਬ ਦੇ ਕਾਰੋਬਾਰ ਨੂੰ ਵੀ ਰੋਕ ਲਗਾਈ।