ਸੁਰਿੰਦਰ ਅਰੋੜਾ, ਮੁੱਲਾਂਪੁਰ ਦਾਖਾ : ਬੋਪਾਰਾਏ ਸਹਿਕਾਰੀ ਸਭਾ ਦੀ ਹੋਈ ਚੋਣ 'ਚ ਅਕਾਲੀ ਦਲ ਨੇ ਕਾਂਗਰਸ ਨੂੰ ਕਰਾਰੀ ਹਾਰ ਦਿੰਦਿਆਂ ਸਭਾ 'ਤੇ ਕਬਜਾ ਕੀਤਾ। ਇਸ ਚੋਣ ਦੌਰਾਨ ਅਕਾਲੀ ਦਲ ਨੇ ਬਹੁਮਤ ਹਾਸਲ ਕਰਦਿਆਂ 8 ਮੈਂਬਰ ਚੋਣ ਜਿੱਤੇ, ਜਦ ਕਿ ਕਾਂਗਰਸ ਨੂੰ 3 ਸੀਟਾਂ ਹੀ ਮਿਲੀਆਂ। ਇਥੇ ਜਿਕਰਯੋਗ ਹੈ ਕਿ ਸਭਾ ਦੀ ਚੋਣ ਨੂੰ ਲੈ ਕੇ ਸੱਤਾਧਾਰੀ ਧਿਰ ਵੱਲੋਂ ਚੋਣ ਨੂੰ ਰੱਦ ਕਰਵਾਉਣ ਦੇ ਸੰਕੇਤ ਮਿਲਣ 'ਤੇ ਦੂਜੀ ਧਿਰ ਨੇ ਹਾਈਕੋਰਟ ਦਾ ਬੂਹਾ ਜਾ ਖੜਕਾਇਆ। ਇਸ ਮਾਮਲੇ 'ਚ ਹਾਈਕੋਰਟ ਦੇ ਨਿਰਦੇਸ਼ਾਂ ਤਹਿਤ ਅੱਜ ਦੀ ਚੋਣ ਪ੍ਰਸ਼ਾਸਨ ਵੱਲੋਂ ਪਾਰਦਰਸ਼ੀ ਢੰਗ ਨਾਲ ਕਰਵਾਈ ਗਈ। ਅਕਾਲੀ ਦਲ ਦੇ ਤਿੰਨ ਮੈਂਬਰ ਗੁਰਪ੍ਰਰੀਤ ਸਿੰਘ ਕਾਲਾ, ਗੁਰਪ੍ਰਰੀਤ ਕੌਰ ਤੇ ਸਵਰਨਜੀਤ ਕੌਰ ਤਾਂ ਬਿਨਾਂ ਮੁਕਾਬਲਾ ਜੇਤੂ ਰਹੇ, ਜਦਕਿ ਬਾਕੀ ਦੇ ਪੰਜ ਮੈਂਬਰ ਪਿਆਰਾ ਸਿੰਘ ਦਿਓਲ, ਮਾਸਟਰ ਗੁਰਦੀਪ ਸਿੰਘ, ਸੁਖਰਾਜ ਸਿੰਘ ਦਿਓਲ, ਅਮਨਪ੍ਰਰੀਤ ਸਿੰਘ, ਗੁਰਦੀਪ ਸਿੰਘ ਚੋਣ ਜਿੱਤੇ। ਅਕਾਲੀ ਦਲ ਦੀ ਜਿੱਤ ਤੇ ਕਾਂਗਰਸ ਦੀ ਕਰਾਰੀ ਹਾਰ 'ਤੇ ਵਿਧਾਇਕ ਮਨਪ੍ਰਰੀਤ ਸਿੰਘ ਇਆਲੀ ਨੇ ਕਿਹਾ ਮੁੱਲਾਂਪੁਰ ਦਾਖਾ ਹਲਕੇ 'ਚ ਸੱਤਾਧਾਰੀਆਂ ਦੀਆਂ ਧੱਕੇਸ਼ਾਹੀਆਂ ਦੇ ਚੱਲਦਿਆਂ ਕਾਂਗਰਸ ਦਾ ਕੋਈ ਆਧਾਰ ਨਹੀਂ ਰਿਹਾ। ਹੋਰਾਂ ਪਿੰਡਾਂ 'ਚ ਵੀ ਬੋਪਾਰਾਏ ਕਲਾਂ ਵਾਂਗ ਨਿਰਪੱਖ ਚੋਣਾਂ ਹੁੰਦੀਆਂ ਤਾਂ ਕਾਂਗਰਸ ਨੂੰ ਕਿਸੇ ਵੀ ਪਿੰਡ ਵਿਚ ਬਹੁਮਤ ਨਾ ਮਿਲਦਾ। ਉਨ੍ਹਾਂ ਕਿਹਾ ਕਾਂਗਰਸ ਦੇ ਕੈਪਟਨ ਸੰਧੂ ਵੱਲੋਂ ਦੋ ਸਾਲਾਂ ਦੇ ਅਰਸੇ ਦੌਰਾਨ ਧੱਕੇਸ਼ਾਹੀ ਦੇ ਨਾਲ ਸਹਿਕਾਰੀ ਸਭਾਵਾਂ ਦੀਆਂ ਚੋਣਾਂ 'ਚ ਜਿੱਤ ਪ੍ਰਰਾਪਤ ਕਰਨ ਦੇ ਬਾਵਜੂਦ ਹਲਕਾ ਦਾਖਾ ਵਿੱਚ ਆਪਣਾ ਆਧਾਰ ਨਹੀਂ ਬਣਾ ਸਕੇ। ਉਨ੍ਹਾਂ ਜੇਤੂ ਉਮੀਦਵਾਰਾਂ ਨੂੰ ਜਿੱਥੇ ਵਧਾਈ ਦਿੱਤੀ ਉੱਥੇ ਮਾਣਯੋਗ ਹਾਈਕੋਰਟ ਦਾ ਵੀ ਧੰਨਵਾਦ ਕੀਤਾ। ਇਆਲੀ ਨੇ ਕਿਹਾ ਜਦੋਂ ਤੋਂ ਕੈਪਟਨ ਸੰਦੀਪ ਸਿੰਘ ਸੰਧੂ ਹਲਕਾ ਦਾਖਾ ਦਾ ਇੰਚਾਰਜ ਲੱਗਿਆ ਤਾਂ ਉਸ ਨੇ ਸਰਕਾਰ ਦਾ ਰੋਅਬ ਵਿਖਾਉਂੁਦੇ ਹੋਏ ਕਿਸੇ ਵੀ ਪਿੰਡ ਦੀ ਖੇਤੀਬਾੜੀ ਸਹਿਕਾਰੀ ਸਭਾਵਾਂ ਤੇ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਦੀ ਚੋਣ ਨਹੀਂ ਹੋਣ ਦਿੱਤੀ, ਬਲਕਿ ਇੰਨ੍ਹਾਂ ਅਦਾਰਿਆਂ ਨਾਲ ਜੁੜੇ ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਕਿਸਾਨਾਂ ਦੇ ਕਾਗਜ ਰੱਦ ਕਰਕੇ ਆਪਣੇ ਚਹੇਤਿਆਂ ਦਾ ਕਬਜਾ ਕਰਵਾਇਆ। ਵਿਧਾਇਕ ਇਆਲੀ ਨੇ ਕਿਹਾ ਕਿ ਕੈਪਟਨ ਸੰਧੂ ਨੇ ਜਿਸ ਤਰ੍ਹਾਂ 25 ਪਿੰਡਾਂ 'ਚ ਧੱਕੇ ਨਾਲ ਬਿਨਾਂ ਚੋਣ ਕਰਵਾਏ ਆਪਣੇ ਚਹੇਤਿਆਂ ਨੂੰ ਜਿੱਤ ਦਿਵਾਈ ਹੈ। ਉਥੇ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ।