ਸੰਜੀਵ ਗੁਪਤਾ, ਜਗਰਾਓਂ : ਜ਼ਿਲ੍ਹਾ ਲੁਧਿਆਣਾ ਦਿਹਾਤੀ ਪੁਲਿਸ ਨੇ ਮੁੱਲਾਂਪੁਰ ਦਾਖਾ ਤੋਂ ਅਕਾਲੀ ਉਮੀਦਵਾਰ ਅਤੇ ਸਾਬਕਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਖ਼ਿਲਾਫ਼ ਰਪਟ ਅਤੇ ਉਨ੍ਹਾਂ ਦੇ ਸਮਰਥਕਾਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਜ਼ਿਲ੍ਹੇ ਅਧੀਨ ਪੈਂਦੇ ਥਾਣਾ ਜੋਧਾਂ ਵਿਖੇ ਇਆਲੀ ਖ਼ਿਲਾਫ਼ ਅੱਜ ਪਿੰਡ ਸਰਾਭਾ ਵਿੱਚ ਚੋਣ ਜ਼ਾਬਤੇ ਦੀ ਉਲੰਘਣਾ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਰਪਟ ਦਰਜ ਕਰਕੇ ਚੋਣ ਕਮਿਸ਼ਨ ਨੂੰ ਕਾਰਵਾਈ ਲਈ ਲਿਖਿਆ ਗਿਆ ਹੈ ਅਤੇ ਉਨ੍ਹਾਂ ਦੇ ਸਮਰਥਕਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਮੁਕੱਦਮੇ ਨੂੰ ਲੈ ਕੇ ਪੁਲਿਸ ਵੱਲੋਂ ਪੁਸ਼ਟੀ ਕਰਨ ਦੀ ਥਾਂ ਇਸ ਪੂਰੇ ਮਾਮਲੇ ਚ ਚੁੱਪੀ ਧਾਰੀ ਹੋਈ ਹੈ ਅਤੇ ਥਾਣਾ ਜੋਧਾਂ ਦੇ ਐਸਐਚਓ ਸਮੇਤ ਪੁਲਿਸ ਅਧਿਕਾਰੀ ਫੋਨ ਤੱਕ ਨਹੀਂ ਚੁੱਕ ਰਹੇ ।

ਵਰਣਨਯੋਗ ਹੈ ਕਿ ਅੱਜ ਇਆਲੀ ਪਿੰਡ ਸਰਾਭਾ ਵਿਖੇ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੱਲੋਂ ਵੋਟਰਾਂ ਨੂੰ ਧਮਕਾਉਣ ਦੀ ਸੂਚਨਾ ਮਿਲਣ 'ਤੇ ਉੱਥੇ ਪੁੱਜੇ ਸਨ ਅਤੇ ਉਨ੍ਹਾਂ ਨੇ ਮੌਕੇ ਤੇ ਵਿਧਾਇਕ ਜ਼ੀਰਾ ਦੀ ਗੱਡੀ ਜਾਂਦਿਆਂ ਵੀ ਵੀਡੀਓ ਅਤੇ ਫੋਟੋ ਵੀ ਮੀਡੀਆ ਸਾਹਮਣੇ ਪੇਸ਼ ਕੀਤੀ ਸੀ । ਇਸ ਮੌਕੇ ਪੁੱਜੇ ਐੱਸ ਪੀ ਰਾਜਵੀਰ ਸਿੰਘ ਬੋਪਾਰਾਏ ਨੇ ਕਾਂਗਰਸੀ ਵਿਧਾਇਕ ਅਤੇ ਬਾਹਰਲੇ ਕਿਸੇ ਵੀ ਵਿਅਕਤੀ ਦੇ ਪਿੰਡ ਵਿੱਚ ਨਾ ਹੋਣ ਦੀ ਗੱਲ ਕਰਦਿਆਂ ਉਸ ਸਮੇਂ ਹੀ ਉਨ੍ਹਾਂ ਸ੍ਰੀ ਇਆਲੀ ਖ਼ਿਲਾਫ਼ ਪਰਚਾ ਦਰਜ ਕਰਨ ਦੇ ਸੰਕੇਤ ਦੇ ਦਿੱਤੇ ਸਨ । ਉਨ੍ਹਾਂ ਉਸ ਮੌਕੇ ਕਿਹਾ ਸੀ ਕਿ ਇੱਥੇ ਅਸੀਂ ਆਏ ਹਾਂ ਸਾਨੂੰ ਬਾਹਰਲਾ ਤਾਂ ਕੋਈ ਨਹੀਂ ਮਿਲਿਆ ਇਆਲੀ ਸਾਹਿਬ ਹੀ ਚਾਲੀ ਗੱਡੀਆਂ ਦੇ ਵਿੱਚ ਡੇਢ ਸੌ ਆਦਮੀ ਲੈ ਕੇ ਘੁੰਮ ਰਹੇ ਹਨ ਕਾਰਵਾਈ ਤਾਂ ਇਨ੍ਹਾਂ ਖ਼ਿਲਾਫ਼ ਬਣਦੀ ਹੈ ।

ਸੂਤਰਾਂ ਅਨੁਸਾਰ ਥਾਣਾ ਜੋਧਾਂ ਵਿਖੇ ਸ੍ਰੀ ਇਆਲੀ ਖ਼ਿਲਾਫ਼ ਚੋਣ ਜ਼ਾਬਤੇ ਦੀ ਉਲੰਘਣਾ ਤਹਿਤ ਰਪਟ ਲਿਖੀ ਗਈ ਹੈ ਅਤੇ ਉਨ੍ਹਾਂ ਦੇ ਅਨੇਕਾਂ ਸਮਰਥਕਾਂ ਖ਼ਿਲਾਫ਼ ਚੋਣ ਜ਼ਾਬਤੇ ਦੀ ਉਲੰਘਣਾ ਅਤੇ ਦਫਾ ਇੱਕ ਸੌ ਚੁਤਾਲੀ ਦੀ ਉਲੰਘਣਾ ਕਰਨ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ।


ਮੈਂ ਪਹਿਲਾਂ ਹੀ ਐਸਐਸਪੀ ਸਾਹਿਬ ਨੂੰ ਅਪੀਲ ਕੀਤੀ ਸੀ ਕਿ ਮੇਰੇ ਖ਼ਿਲਾਫ਼ ਪਰਚਾ ਦਰਜ ਕਰੋ ਨਾ ਵਰਕਰਾਂ ਖ਼ਿਲਾਫ਼ : ਇਆਲੀ

ਅਕਾਲੀ ਉਮੀਦਵਾਰ ਤੇ ਸਾਬਕਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਉਨ੍ਹਾਂ ਖਿਲਾਫ ਲਿਖੀ ਗਈ ਰਪਟ ਕਿਹਾ ਕਿ ਉਨ੍ਹਾਂ ਕਈ ਦਿਨ ਪਹਿਲਾਂ ਹੀ ਐਸਐਸਪੀ ਸਾਹਿਬ ਅੱਗੇ ਸੀਨੀਅਰ ਲੀਡਰਸ਼ਿਪ ਦੇ ਨਾਲ ਪੇਸ਼ ਹੋ ਕੇ ਉਨ੍ਹਾਂ ਖ਼ਿਲਾਫ਼ ਪਰਚਾ ਦਰਜ ਕਰਨ ਦੀ ਪੇਸ਼ਕਸ਼ ਕੀਤੀ ਸੀ, ਅਤੇ ਨਾਲ ਹੀ ਕਿਹਾ ਸੀ ਕਿ ਵਰਕਰਾਂ ਖ਼ਿਲਾਫ਼ ਝੂਠੇ ਪਰਚੇ ਦਰਜ ਨਾ ਕੀਤੇ ਜਾਣ।

ਇਆਲੀ ਅਨੁਸਾਰ ਅੱਜ ਇਕੱਲੇ ਉਨ੍ਹਾਂ ਖਿਲਾਫ਼ ਹੀ ਨਹੀਂ ਕਈਂ ਵਰਕਰਾਂ ਖ਼ਿਲਾਫ਼ ਪਰਚੇ ਦਰਜ ਕੀਤੇ ਗਏ ਹਨ ਅਤੇ ਇਹ ਸਭ ਕਾਂਗਰਸੀ ਉਮੀਦਵਾਰ ਨੂੰ ਜਤਾਉਣ ਲਈ ਪੰਜਾਬ ਪੁਲਿਸ ਉਨ੍ਹਾਂ ਦੇ ਵਰਕਰ ਬਣ ਕੇ ਕੰਮ ਕਰ ਰਹੀ ਹੈ । ਪਰ ਇਸ ਤਰ੍ਹਾਂ ਕਾਂਗਰਸੀ ਉਮੀਦਵਾਰ ਚੋਣ ਜਿੱਤਣ ਦੀ ਬਜਾਏ ਜ਼ਮਾਨਤ ਵੀ ਜ਼ਬਤ ਕਰਵਾ ਲੈਣਗੇ । ਇਆਲੀ ਅਨੁਸਾਰ ਅੱਜ ਵੀ ਪੁਲਿਸ ਵੱਲੋਂ ਸੈਂਕੜੇ ਵਰਕਰਾਂ ਅਤੇ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਗਈ ਅਤੇ ਝੂਠੇ ਪਰਚੇ ਦਰਜ ਕੀਤੇ ਗਏ ਸ਼ਰਮ ਦੀ ਗੱਲ ਹੈ, ਕਿ ਬਜ਼ੁਰਗਾਂ ਅਤੇ ਪ੍ਰਵਾਸੀ ਪੰਜਾਬੀਆਂ ਤੇ ਔਰਤਾਂ ਨਾਲ ਛੇੜਛਾੜ ਨਾਜਾਇਜ਼ ਸ਼ਰਾਬ ਪਰਾਲ਼ੀ ਨੂੰ ਅੱਗ ਲਾਉਣ ਸਮੇਤ ਕਈ ਅਜਿਹੇ ਪਰਚੇ ਦਰਜ ਕੀਤੇ ਹਨ ਜਿਨ੍ਹਾਂ ਦੀ ਕੋਈ ਤੁੱਕ ਨਹੀਂ ਬਣਦੀ । ਉਨ੍ਹਾਂ ਕਿਹਾ ਕਿ ਕੱਲ੍ਹ ਚੋਣਾਂ ਤੋਂ ਬਾਅਦ ਪੁਲਿਸ ਦੀ ਇਸ ਧੱਕੇਸ਼ਾਹੀ ਖ਼ਿਲਾਫ਼ ਲੜਾਈ ਲੜੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਚਾਹੇ ਉਨ੍ਹਾਂ ਖ਼ਿਲਾਫ਼ ਵੀ ਪਰਚੇ ਦਰਜ ਕਰ ਦੇਵੇ ਉਹ ਆਪਣੇ ਵਰਕਰਾਂ ਅਤੇ ਵੋਟਰਾਂ ਦੇ ਨਾਲ ਖੜ੍ਹੇ ਹਨ ਉਹ ਹੁਣ ਵੀ ਉਨ੍ਹਾਂ ਨੂੰ ਜਦੋਂ ਬੁਲਾਉਣਗੇ ਉਹ ਉਨ੍ਹਾਂ ਦੇ ਨਾਲ ਖੜ੍ਹੇ ਹੋਣਗੇ।

Posted By: Jagjit Singh