ਸੁਖਦੇਵ ਸਿੰਘ, ਲੁਧਿਆਣਾ

15ਵੀਂ ਸਪੋਰਟਸ ਮੀਟ ਦੇ ਆਖਰੀ ਪੜਾਅ 'ਚ ਪੁੱਜਦਿਆਂ ਅੰਮਿ੍ਰਤ ਇੰਡੋ ਕਨੇਡੀਅਨ ਅਕੈਡਮੀ ਦੇ ਮਿਡਲ, ਸੈਕੰਡਰੀ ਤੇ ਸੀਨੀਅਰ ਸੈਕੰਡਰੀ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਸਮਾਗਮ ਦੀ ਸ਼ੁਰੂਆਤ ਸੀਨੀਅਰ ਵਿੰਗ ਦੇ ਮਿਊਜ਼ਿਕ ਦੇ ਵਿਦਿਆਰਥੀਆਂ ਦੁਆਰਾ 'ਦੇਹ ਸ਼ਿਵਾ ਬਰਿ ਮੋਹਿ ਇਹੈ' ਸ਼ਬਦ ਨਾਲ ਹੋਈ। ਉਪਰੰਤ ਅੰਮਿ੍ਰਤ ਐਜ਼ੁਕੇਸ਼ਨਲ ਸੁਸਾਇਟੀ ਦੇ ਪ੍ਰਧਾਨ ਹਰਮਿੰਦਰ ਸਿੰਘ ਨੇ ਅਥਲੈਟਿਕ ਮੀਟ ਦਾ ਉਦਘਾਟਨ ਕਰਦਿਆਂ ਸਮਾਗਮ ਨੂੰ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ।

ਸਮਾਗਮ ਦੀ ਸ਼ੋਭਾ ਵਧਾਉਣ ਲਈ ਵਿਸ਼ੇਸ਼ ਤੌਰ 'ਤੇ ਇੰਦਰ ਮੋਹਨ ਸਿੰਘ ਨੇ ਸ਼ਮੂਲੀਅਤ ਕੀਤੀ ਜੋ ਮਾਰਕੀਟ ਕਮੇਟੀ ਲੁਧਿਆਣਾ ਦੇ ਸਾਬਕਾ ਚੇਅਰਮੈਨ ਹਨ। ਉਨ੍ਹਾਂ ਦੇ ਨਾਲ ਦਮਨਦੀਪ ਸ਼ਰਮਾ ਲਾਦੀਆਂ ਦੇ ਸਰਪੰਚ ਵੀ ਮੌਜੂਦ ਸਨ। ਪਿ੍ਰੰਸੀਪਲ ਜਸਕਿਰਨ ਕੌਰ ਨੇ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ। ਇਹ ਮੁਕਾਬਲਾ ਤਿੰਨ ਵਰਗਾਂ ਛੇਵੀਂ ਤੋਂ ਅੱਠਵੀਂ, (ਅੰਡਰ-14) ਨੌਂਵੀਂ ਤੇ ਦਸਵੀਂ (ਅੰਡਰ-17) ਅਤੇ ਗਿਆਰ੍ਹਵੀਂ-ਬਾਰ੍ਹਵੀਂ (ਅੰਡਰ-19) 'ਚ ਵੰਡਿਆ ਹੋਇਆ ਸੀ। ਇਸ ਮੁਕਾਬਲੇ ਵਿਚ 100 ਮੀ:, 200 ਮੀ: 500 ਮੀ:, 800 ਮੀ:, 1500 ਮੀ: ,3000 ਮੀ: ਦੌੜਾਂ ਤੋਂ ਇਲਾਵਾ ਲਾਂਗ ਜੰਪ, ਸ਼ਾਟ ਪੁੱਟ ਅਤੇ ਰਿਲੇਅ ਵੀ ਸ਼ਾਮਲ ਸਨ। ਕੁੜੀਆਂ ਦੀ ਅੰਡਰ-14 ਦੀ ਟੀਮ ਦੇ 100 ਮੀਟਰ 'ਚ ਅੱਠਵੀਂ ਦੀ ਹਰਮਨਦੀਪ ਕੌਰ ਨੇ ਗੋਲਡ ਮੈਡਲ, ਅੰਡਰ-17 ਦੀ 100 ਮੀਟਰ ਵਿਚ ਦਸਵੀਂ ਜਮਾਤ ਦੀ ਜੈਸਮੀਨ ਕੌਰ ਨੇ ਗੋਲਡ, ਅੰਡਰ-19 ਦੇ ਲੜਕਿਆਂ ਦੀ ਟੀਮ ਵਿਚ ਗਿਆਰ੍ਹਵੀਂ ਜਮਾਤ ਦੇ ਗੁਰਜੋਟ ਸਿੰਘ ਨੇ ਗੋਲਡ ਮੈਡਲ ਪ੍ਰਾਪਤ ਕੀਤਾ। ਲੜਕਿਆਂ ਦੇ ਰਿਲੇਅ ਅੰਡਰ-19, ਜਿਸ ਵਿਚ ਦੂਜੇ ਹਾਊਸ ਦੇ ਵਿਦਿਆਰਥੀਆਂ ਵੱਲੋਂ ਗੋਲਡ, ਪਹਿਲੇ ਹਾਊਸ ਦੇ ਵਿਦਿਆਰਥੀਆਂ ਵੱਲੋਂ ਸਿਲਵਰ ਤੇ ਚੌਥੇ ਹਾਊਸ ਦੇ ਵਿਦਿਆਰਥੀਆਂ ਦੁਆਰਾ ਬ੍ਰੋਨਜ਼ ਮੈਡਲ ਹਾਸਲ ਕੀਤੇ ਗਏ। ਇਸ ਸਾਰੇ ਸਮਾਗਮ 'ਚ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ ਸੀ। ਹਰ ਕੋਈ ਆਪਣੇ ਹਾਊਸ ਨੂੰ ਜਿਤਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਿਹਾ ਸੀ। ਅਖ਼ੀਰ 229 ਸਕੋਰਾਂ ਨਾਲ ਬਾਬਾ ਅਜੀਤ ਸਿੰਘ ਹਾਊਸ ਦੀ ਟੀਮ ਜੇਤੂ ਨੇ ਜੇਤੂ ਟ੍ਰਾਫੀ ਪ੍ਰਾਪਤ ਕੀਤੀ ਗਈ। ਇਸ ਮੌਕੇ ਸਕੂਲ ਡਾਇਰੈਕਟਰ ਨਵਜੋਤ ਸਿੰਘ ਨੇ ਵਿਦਿਆਰਥੀਆਂ ਦੇ ਇਸ ਅੱਗੇ ਵਧਣ ਦੇ ਜਜ਼ਬੇ ਤੇ ਮੁਕਾਬਲੇ ਦੀ ਭਾਵਨਾ ਦੀ ਸ਼ਲਾਘਾ ਕਰਦਿਆਂ ਜੇਤੂਆਂ ਨੂੰ ਇਨਾਮ ਵੰਡੇ। ਪਿ੍ਰੰਸੀਪਲ ਜਸਕਿਰਨ ਕੌਰ ਤੇ ਪ੍ਰਧਾਨ ਹਰਮਿੰਦਰ ਸਿੰਘ ਨੇ ਸਾਰੇ ਖਿਡਾਰੀਆਂ ਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਅਥਲੈਟਿਕ ਮੀਟ ਸਮਾਪਤੀ ਦਾ ਐਲਾਨ ਕੀਤਾ।