ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ

ਪੀਏਯੂ ਇੰਪਲਾਈਜ਼ ਯੂਨੀਅਨ ਤੇ ਪੀਏਯੂ ਫੋਰਥ ਕਲਾਸ ਵਰਕਰਜ਼ ਯੂਨੀਅਨ ਵੱਲੋਂ ਸਤੰਬਰ ਮਹੀਨੇ ਦੀ ਤਨਖ਼ਾਹ ਜਾਰੀ ਨਾ ਹੋਣ ਕਾਰਨ ਕੀਤਾ ਜਾ ਰਿਹਾ ਸੰਘਰਸ਼ ਬੁੱਧਵਾਰ ਨੂੰ ਹੋਰ ਭਖ ਗਿਆ, ਜਦੋਂ ਪੀਏਯੂ ਟੀਚਰਜ਼ ਐਸੋਸੀਏਸ਼ਨ ਵੀ ਇਸ ਰੈਲੀ 'ਚ ਸ਼ਾਮਲ ਹੋ ਗਈ। ਤਿੰਨਾਂ ਯੂਨੀਅਨਾਂ ਵੱਲੋਂ ਬੁੱਧਵਾਰ ਨੂੰ ਥਾਪਰ ਹਾਲ 'ਚ ਕੰਮ-ਕਾਜ ਠੱਪ ਕਰ ਕੇ ਰੋਸ ਰੈਲੀ ਕੀਤੀ ਗਈ। ਰੈਲੀ 'ਚ ਮੁਲਾਜ਼ਮ ਵੱਡੀ ਗਿਣਤੀ 'ਚ ਇਕੱਠੇ ਹੋਏ। ਇਸ ਰੈਲੀ 'ਚ ਪੈਨਸ਼ਨ ਨਾ ਮਿਲਣ ਕਰਕੇ ਰਿਟਾਇਰ ਮੁਲਾਜ਼ਮ ਵੀ ਸ਼ਾਮਲ ਹੋਏ। ਪੀਏਯੂ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਵਾਲੀਆ, ਟੀਚਰ ਐਸੋਸੀਏਸ਼ਨ ਦੇ ਪ੍ਰਧਾਨ ਡਾ. ਐੱਚਐੱਸ ਕਿੰਗਰਾ ਤੇ ਕਲਾਸ ਫੋਰਥ ਦੇ ਪ੍ਰਧਾਨ ਕਮਲ ਸਿੰਘ ਨੇ ਸਾਂਝੇ ਤੌਰ 'ਤੇ ਕਿਹਾ ਕਿ ਜੇ ਅੱਜ ਸ਼ਾਮ ਤਕ ਚੈੱਕ ਜਾਰੀ ਨਾ ਕੀਤੇ ਗਏ ਤਾਂ 'ਵਰਸਿਟੀ ਦਾ ਕੰਮ ਪੂਰੀ ਤਰ੍ਹਾਂ ਬੰਦ ਕੀਤਾ ਜਾਵੇਗਾ ਤੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਪੀਏਯੂ ਦੇ ਅਧਿਕਾਰੀਆਂ ਤੋਂ ਇਹ ਵੀ ਮੰਗ ਕੀਤੀ ਗਈ ਕਿ 9-7-2012 ਤਕ ਭਰਤੀ ਹੋਏ ਮੁਲਾਜ਼ਮਾਂ 'ਤੇ ਪਟਿਆਲਾ ਯੂਨੀਵਰਸਿਟੀ ਦੇ ਆਧਾਰ 'ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ। ਪ੍ਰਧਾਨ ਵਾਲੀਆ ਨੇ ਆਪਣੇ ਪ੍ਰਧਾਨਗੀ ਭਾਸ਼ਣ 'ਚ ਪੀਏਯੂ ਦੇ ਕੰਪੀਟ੍ਰੋਲਰ ਨੂੰ ਚਿਤਾਵਨੀ ਦਿੱਤੀ ਕਿ ਉਨ੍ਹਾਂ ਦੇ ਦਫ਼ਤਰ 'ਚ ਜੂਨੀਅਰ ਤੇ ਸੀਨੀਅਰ ਦੇ ਅਨਾਮਲੀ ਦੇ ਅਧੂਰੇ ਰਹਿੰਦੇ ਕੇਸਾਂ ਦਾ ਨਿਪਟਾਰਾ ਤਰੰਤ ਕੀਤਾ ਜਾਵੇ, ਜਿਸ ਦੀ ਕਲੈਰੀਫਕੇਸ਼ਨ ਸਰਕਾਰ ਤੋਂ ਆ ਚੁੱਕੀ ਹੈ, ਆਡਿਟ ਦਾ ਮਸਲਾ ਵੀ ਤੁਰੰਤ ਹੱਲ ਕੀਤਾ ਜਾਵੇ ਤੇ ਕੇਵੀਕੇ 'ਤੇ ਕੰਮ ਕਰਦੇ ਨਾਨ-ਟੀਚਿੰਗ ਮੁਲਾਜ਼ਮਾਂ ਨੂੰ ਕੇਵੀਕੇ ਦੇ ਕੰਮ ਕਰਦੇ ਅਧਿਆਪਕਾਂ ਵਾਂਗ ਪੂਰੀ ਤਨਖ਼ਾਹ ਦੇਣ ਦੇ ਕੰਮ ਦਾ ਹੱਲ ਤੁਰੰਤ ਕੀਤਾ ਜਾਵੇ।

ਇਸ ਰੈਲੀ ਨੂੰ ਜਨਰਲ ਸਕੱਤਰ ਮਨਮੋਹਨ ਸਿੰਘ, ਸੀਨੀਅਰ ਮੀਤ ਪ੍ਰਧਾਨ ਗੁਰਪ੍ਰਰੀਤ ਸਿੰਘ ਿਢੱਲੋਂ, ਲਾਲ ਬਹਾਦਰ ਯਾਦਵ, ਨਵਨੀਤ ਸ਼ਰਮਾ, ਦਰਸ਼ਨ ਸਿੰਘ ਅਤੇ ਧਰਮਿੰਦਰ ਸਿੰਘ ਸਿੱਧੂ ਨੇ ਸੰਬੋਧਨ ਕੀਤਾ। ਇਸ ਦੌਰਾਨ ਕੇਸ਼ਵ ਰਾਏ ਸੈਣੀ, ਮੋਹਨ ਲਾਲ, ਜਸਵਿੰਦਰ ਘੋਲੀਆ, ਗੁਰਚੇਤ ਸਿੰਘ, ਨੰਦ ਕਿਸ਼ੋਰ ਤੇ ਕਲਾਸ ਫੋਰਥ ਦੇ ਨੰਦ ਕਿਸ਼ੋਰ ਵੀ ਹਾਜ਼ਰ ਰਹੇ।