ਸੰਜੀਵ ਗੁਪਤਾ, ਜਗਰਾਓਂ

ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ ਪੁਲਿਸ ਖਿਲਾਫ ਕਿਰਤੀ ਕਿਸਾਨ ਯੂਨੀਅਨ ਸਮੇਤ ਮਜ਼ਦੂਰ, ਮੁਲਾਜ਼ਮ ਤੇ ਭਰਾਤਰੀ ਜੱਥੇਬੰਦੀਆਂ ਵੱਲੋਂ ਸੜਕਾਂ 'ਤੇ ਉਤਰਨ ਦਾ ਫੈਸਲਾ ਕੀਤਾ ਹੈ। ਜੱਥੇਬੰਦੀਆਂ ਦਾ ਦੋਸ਼ ਹੈ ਕਿ ਜ਼ਿਲ੍ਹਾ ਪੁਲਿਸ ਕਾਂਗਰਸੀਆਂ ਦੇ ਦਬਾਅ ਹੇਠ ਆਪਣੀ ਡਿਊਟੀ ਭੁੱਲ ਕੇ ਉਨ੍ਹਾਂ ਦੇ ਇਸ਼ਾਰਿਆਂ 'ਤੇ ਨੱਚ ਰਹੀ ਹੈ। ਪੁਲਿਸ ਨੂੰ ਉਸ ਦੀ ਡਿਊਟੀ ਯਾਦ ਕਰਵਾਉਣ ਲਈ ਜੱਥੇਬੰਦੀਆਂ ਦੀ ਇਕੱਤਰਤਾ 19 ਨਵੰਬਰ ਨੂੰ ਰੱਖੀ ਗਈ ਹੈ। ਇਸ ਇਕੱਤਰਤਾ ਦੌਰਾਨ ਜ਼ਿਲ੍ਹਾ ਪੁਲਿਸ ਖਿਲਾਫ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਕਤਰਤਾ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਅੱਧੀ ਦਰਜਨ ਵੱਖ ਵੱਖ ਕੇਸਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਧੱਕੇਸ਼ਾਹੀ ਦਾ ਸ਼ਿਕਾਰ ਹੋਏ ਇਹ ਵਿਅਕਤੀ ਇਨਸਾਫ ਲਈ ਧੱਕੇ ਖਾ ਰਹੇ ਹਨ, ਜਦਕਿ ਸਥਾਨਕ ਕਾਂਗਰਸੀਆਂ ਦੇ ਦਬਾਅ ਹੇਠ ਪੁਲਿਸ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਥਾਣਿਆਂ ਵਿਚ ਕਾਂਗਰਸੀਆਂ ਦੇ ਫੋਨ 'ਤੇ ਉਨ੍ਹਾਂ ਦੇ ਇਸ਼ਾਰੇ ਮੁਤਾਬਕ ਕੰਮ ਹੋ ਰਹੇ ਹਨ ਜਦਕਿ ਆਮ ਜਨਤਾ ਇਨਸਾਫ ਲਈ ਭਟਕ ਰਹੀ ਹੈ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਅਵਤਾਰ ਸਿੰਘ ਰਸੂਲਪੁਰ, ਸੁਖਦੇਵ ਸਿੰਘ ਮਾਣੂੰਕੇ, ਗੁਰਚਰਨ ਸਿੰਘ ਟੂਸੇ, ਕਿਰਤੀ ਕਿਸਾਨ ਯੂਨੀਅਨ ਦੇ ਤਰਲੋਚਨ ਸਿੰਘ ਝੋਰੜਾਂ, ਬਲਵਿੰਦਰ ਸਿੰਘ ਕੋਠੇ ਪੋਨਾ, ਗੁਰਚਰਨ ਸਿੰਘ, ਗੁਰਮੀਤ ਸਿੰਘ, ਬਲਵਿੰਦਰ ਸਿੰਘ ਤੇ ਸੁਨੀਲ ਆਦਿ ਹਾਜ਼ਰ ਸਨ।