ਸੰਜੀਵ ਗੁਪਤਾ, ਜਗਰਾਓਂ :

ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ ਪੁਲਿਸ ਵੱਲੋਂ ਜਗਰਾਓਂ ਤੋਂ ਬਾਅਦ ਹੁਣ ਮੁੱਲਾਂਪੁਰ ਅਤੇ ਰਾਏਕੋਟ 'ਚ ਵੀ ਪੀਸੀਆਰ ਸੇਵਾਵਾਂ ਸ਼ੁਰੂ ਕੀਤੀਆਂ। ਸ਼ਨੀਵਾਰ ਜ਼ਿਲ੍ਹੇ ਦੇ ਐੱਸਐੱਸਪੀ ਰਾਜ ਬਚਨ ਸਿੰਘ ਸੰਧੂ ਨੇ ਇਨਾਂ੍ਹ ਪੀਸੀਆਰ ਦਸਤਿਆਂ ਨੂੰ ਅੱਜ ਝੰਡੀ ਦੇ ਕੇ ਰਵਾਨਾ ਕੀਤਾ। ਪੀਸੀਆਰ ਟੀਮਾਂ ਨੂੰ ਰਵਾਨਾ ਕਰਨ ਮੌਕੇ ਐੱਸਐੱਸਪੀ ਸੰਧੂ ਨੇ ਕਿਹਾ ਕਿ ਇਲਾਕੇ ਭਰ ਵਿਚ ਘਟਨਾਵਾਂ ਨੂੰ ਪੂਰੀ ਤਰਾਂ੍ਹ ਰੋਕਣ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਮੌਕੇ ਤੁਰੰਤ ਪਹੁੰਚਣ ਲਈ ਪੀਸੀਆਰ ਟੀਮਾਂ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ।

ਉਨਾਂ੍ਹ ਦੱਸਿਆ ਕਿ ਜਗਰਾਓਂ ਸ਼ਹਿਰ ਤੋਂ ਇਲਾਵਾ ਕਸਬਿਆਂ ਵਿਚ ਵੀ ਚੋਰੀ, ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਮੁੱਲਾਂਪੁਰ ਅਤੇ ਰਾਏਕੋਟ ਵਿਚ ਵੀ ਪੀਸੀਆਰ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨਾਂ੍ਹ ਦੱਸਿਆ ਕਿ ਜਗਰਾਓਂ ਵਿਚ 5 ਬੀਟਾਂ 'ਤੇ 5 ਮੋਟਰਸਾਈਕਲ, 2 ਮਹਿਲਾ ਪੁਲਿਸ ਸਕੂਟਰੀਆਂ, ਥਾਣਾ ਸਿਟੀ 'ਚ 2 ਬੀਟਾਂ 'ਤੇ 2 ਪੀਸੀਆਰ ਅਤੇ ਥਾਣਾ ਦਾਖਾ ਦੇ ਇਲਾਕੇ ਵਿਚ ਵੀ 2 ਪੀਸਆਰ ਮੋਟਰਸਾਈਕਲ ਡਿਊਟੀ ਲਈ ਲਾਏ ਗਏ ਹਨ। ਉਨਾਂ੍ਹ ਦੱਸਿਆ ਕਿ ਇਹ ਪੀਸੀਆਰ ਟੀਮਾਂ 24 ਘੰਟੇ ਆਪਣੇ ਆਪਣੇ ਇਲਾਕੇ 'ਚ ਗਸ਼ਤ ਕਰਨਗੀਆਂ। ਇਸ ਦੇ ਨਾਲ ਹੀ ਦਿਨ ਰਾਤ ਬੈਂਕਾਂ, ਏਟੀਐੱਮ, ਧਾਰਮਿਕ ਸਥਾਨਾਂ, ਆਰਐੱਸ ਸ਼ਖਾਵਾਂ, ਨਾਮ ਚਰਚਾ ਘਰਾਂ, ਪੈਟਰੋਲ ਪੰਪਾਂ, ਮੰਡੀਆਂ, ਭੀੜ ਭੜੱਕੇ ਵਾਲੇ ਇਲਾਕਿਆਂ ਤੋਂ ਇਲਾਵਾ ਸਕੂਲਾਂ, ਕਾਲਜਾਂ ਅੱਗੇ ਗਸ਼ਤ ਕਰਨਗੀਆਂ। ਐੱਸਐੱਸਪੀ ਸੰਧੂ ਨੇ ਕਿਹਾ ਕਿ ਪਹਿਲੇ ਹੀ ਪੀਸੀਆਰ ਸਿਸਟਮ ਨੂੰ ਰੀਵਿਊ ਕਰਕੇ ਨਵੇਂ ਸਿਰਿਓਂ ਇਸ ਨੂੰ ਨਵੇਂ ਢੰਗ ਨਾਲ ਕ੍ਰਾਈਮ ਕੰਟਰੋਲ ਕਰਨ ਲਈ ਅੱਜ ਲਾਗੂ ਕੀਤਾ ਗਿਆ ਹੈ। ਇਸ ਮੌਕੇ ਐੱਸਪੀ ਹਰਿੰਦਰ ਸਿੰਘ ਪਰਮਾਰ, ਐੱਸਪੀ ਰਾਜਵੀਰ ਸਿੰਘ ਅਤੇ ਐੱਸਪੀ ਗੁਰਮੀਤ ਕੌਰ, ਐੱਸਪੀ ਬਲਵਿੰਦਰ ਸਿੰਘ ਅਤੇ ਡੀਐੱਸਪੀ ਸੰਦੀਪ ਬਡੇਰਾ ਆਦਿ ਹਾਜ਼ਰ ਸਨ।

-ਜ਼ਿਲ੍ਹੇ 'ਚ ਨਾਕੇ ਤੇ ਗਸ਼ਤ ਗੱਡੀਆਂ ਬੰਦ

ਪੁਲਿਸ ਫੋਰਸ ਦੀ ਭਾਰੀ ਕਮੀ ਨਾਲ ਜੂਝ ਰਹੇ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀਆਂ ਹੱਦਾਂ 'ਤੇ ਚੱਲ ਰਹੇ ਪੁਲਿਸ ਨਾਕੇ ਬੰਦ ਕਰ ਦਿੱਤੇ ਗਏ ਹਨ। ਇਹੀ ਨਹੀਂ ਜ਼ਿਲ੍ਹੇ 'ਚ ਗਸ਼ਤ ਕਰਦੀਆਂ ਜੈਂਕੀ ਗੱਡੀਆਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਇਸ ਦੀ ਐੱਸਐੱਸਪੀ ਰਾਜ ਬਚਨ ਸਿੰਘ ਸੰਧੂ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਜ਼ਿਲ੍ਹੇ 'ਚ ਪੁਲਿਸ ਫੋਰਸ ਦੀ ਕਮੀ ਨੂੰ ਦੇਖਦਿਆਂ ਜਿਨਾਂ੍ਹ ਨਾਕਿਆਂ ਦੀ ਜ਼ਰੂਰਤ ਨਹੀਂ, ਨੂੰ ਬੰਦ ਕਰਕੇ ਉਥੇ ਤੈਨਾਤ ਪੁਲਿਸ ਨੂੰ ਥਾਣਿਆਂ ਵਿਚ ਤੈਨਾਤ ਕੀਤਾ ਜਾ ਰਿਹਾ ਹੈ।