ਰਾਜਨ ਕੈਂਥ, ਲੁਧਿਆਣਾ : ਇਹ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ। 19 ਸਾਲ ਪਹਿਲਾਂ ਬਿਹਾਰ ਵਾਸੀ ਵਿਅਕਤੀ ਘਰ ਤੋਂ ਲਾਪਤਾ ਹੋਇਆ। ਪਰਿਵਾਰ ਵਾਲਿਆਂ ਨੇ ਬਹੁਤ ਲੱਭਾ ਪਰ ਨਹੀਂ ਮਿਲਿਆ। ਇਸੇ ਦੌਰਾਨ ਅਚਾਨਕ ਇਕ ਵਿਅਕਤੀ ਨੇ ਰੋਟੀ ਦੀ ਭੀਖ ਮੰਗੀ। ਉਸ ਦੀ ਆਵਾਜ਼ ਸੁਣ ਜਦੋਂ ਨੌਜਵਾਨ ਨੂੰ ਲੱਗਾ ਕਿ ਅਵਾਜ਼ ਕੁਝ ਜਾਣੀ ਪਛਾਣੀ ਲੱਗਦੀ ਹੈ ਤਾਂ ਦਿਮਾਗ ’ਤੇ ਜ਼ੋਰ ਪਾਉਣ ’ਤੇ ਲੱਗਾ ਕਿ ਇਹ ਆਵਾਜ਼ ਦਾ ਉਸ ਦੇ ਲਾਪਤਾ ਚਾਚਾ ਦੀ ਹੈ। ਉਸ ਭਿਖਾਰੀ ਤੋਂ ਨਾਂ ਪਤਾ ਪੁੱਛਿਆ ਤਾਂ ਉਹ ਸੱਚਮੁੱਚ ਹੀ ਉਸ ਦਾ ਚਾਚਾ ਨਿਕਲਿਆ।

ਅਸੀਂ ਬਚਪਨ ਤੋਂ ਆਪਣੇ ਚਾਚੇ ਨੂੰ ਤਲਾਸ਼ਦੇ ਆ ਰਹੇ ਸੀ। ਉਹ ਆਖ਼ਰ ਮਿਲਿਆ ਵੀ ਤਾਂ ਆਪਣੇ ਪਿੰਡ ਤੋਂ 1500 ਕਿਲੋਮੀਟਰ ਦੂਰ ਲੁਧਿਆਣਾ ਵਿਚ। ਪਹਿਲੀ ਨਜ਼ਰ ਵਿਚ ਚਿਹਰਾ ਤਾਂ ਪਛਾਣ ਵਿਚ ਨਹੀਂ ਆਇਆ, ਹਾਂ ਉਨ੍ਹਾਂ ਦੀ ਆਵਾਜ਼ ਸੁਣਦੇ ਹੀ ਸੁਣਦੇ ਹੀ ਪਛਾਣ ਲਿਆ ਕਿ ਉਹ ਕੈਲਾਸ਼ ਚਾਚਾ ਹਨ। ਚਿਹਰੇ ’ਤੇ ਵਧੀ ਹੋਈ ਦਾਡ਼੍ਹੀ ਅਤੇ ਲੰਬੇ ਲੰਬੇ ਵਾਲਾਂ ਨੇ ਉਨ੍ਹਾਂ ਦਾ ਰੰਗ ਰੂਪ ਹੀ ਬਦਲ ਦਿੱਤਾ ਸੀ ਪਰ ਜਦੋਂ ਉਨ੍ਹਾਂ ਦੇ ਵਾਲ ਕਟਵਾਉਣ ਤੋਂ ਬਾਅਦ ਉਨ੍ਹਾਂ ਦੀ ਸ਼ੇਵ ਕਰਾਈ ਗਈ ਤਾਂ ਉਹ ਹੂਬਹੂ ਪਿਤਾ ਵੀ ਵਰਗੇ ਨਜ਼ਰ ਆਏ। ਇਹ ਕਹਿਣਾ ਹੈ ਸ਼ਿਵਪੁਰੀ ਵਾਸੀ ਸਿਆ ਰਾਮ ਮੁਖੀਆ (35) ਦਾ। ਉਹ ਸ਼ਿਵਪੁਰੀ ਸਥਿਤ ਰਾਣਾ ਢਾਬਾ ਵਿਚ ਤੰਦੂਰੀ ਦਾ ਕੰਮ ਕਰਦਾ ਹੈ। ਐਤਵਾਰ ਸ਼ਾਮ ਨੂੰ ਉਹ ਢਾਬੇ ’ਤੇ ਰੋਟੀਆਂ ਸੇਕ ਰਿਹਾ ਸੀ। ਉਸੇੇ ਦੌਰਾਲ ਭਿਖਾਰੀ ਦੇ ਰੂਪ ਵਿਚ ਇਕ ਵਿਅਕਤੀ ਨੇ ਆ ਕੇ ਰੋਟੀ ਮੰਗੀ। ਪਹਿਲਾਂ ਸਿਆਰਾਮ ਨੇ ਉਸ ਨੂੰ ਅਣਦੇਖਿਆ ਕਰ ਦਿੱਤਾ ਪਰ ਜਦੋਂ ਉਸ ਨੇ ਫਿਰ ਤੋਂ ਰੋਟੀ ਮੰਗੀ ਤਾਂ ਸਿਆਰਾਮ ਨੂੰ ਉਹ ਆਵਾਜ਼ ਜਾਣੀ ਪਛਾਣੀ ਲੱਗੀ। ਉਸ ਨੇ ਜਦੋਂ ਉਸ ਭਿਖਾਰੀ ਤੋਂ ਨਾਂਪੁੱਛਿਆ ਤਾਂ ਹੈਰਾਨ ਰਹਿ ਗਿਆ। ਉਸ ਦਾ ਨਾਂ ਸੁਣਦੇ ਸਿਆਰਾਮ ਖੁਸ਼ ਹੋ ਗਿਆ। ਉਹ ਨਾਂ ਸੀ ਉਸ ਦੇ 19 ਸਾਲ ਪਹਿਲਾਂ ਲਾਪਤਾ ਹੋਏ ਚਾਚਾ ਕੈਲਾਸ਼ ਮੁਖੀਆ (56) ਦਾ। ਹਾਲਾਂਕਿ ਕੈਲਾਸ਼ ਨੇ ਸਿਆਰਾਮ ਨੂੰ ਨਹੀਂ ਪਛਾਣਿਆ ਕਿਉਂਕਿ ਜਦੋਂ ਉਹ ਘਰ ਛੱਡ ਕੇ ਗਏ ਸਨ ਤਾਂ ਉਸ ਸਮੇਂ ਸਿਆ ਰਾਮ ਮਹਿਜ਼ 16 ਸਾਲ ਦਾ ਸੀ।

ਸਿਆਰਾਮ ਨੇ ਫੌਰਨ ਆਪਣੇ ਭਰਾ ਬਜਰੰਗੀ ਮੁਖੀਆ 22 ਨੂੰ ਸੱਦਿਆ। ਉਸ ਤੋਂ ਬਾਅਦ ਨੂਰਵਾਲਾ ਰੋਡ ’ਤੇ ਹਲਵਾਈ ਦੀ ਦੁਕਾਨ ’ਤੇ ਕੰਮ ਕਰਨ ਵਾਲੇ ਕੈਲਾਸ਼ ਮੁਖੀਆ ਦੇ ਬੇਟੇ ਲਾਲੂ ਨੂੰ ਵੀ ਬੁਲਾ ਲਿਆ। ਪਿਤਾ ਨੂੰ ਦੇਖਦੇ ਹੀ ਲਾਲੂ ਭਾਵੁਕ ਹੋ ਗਿਆ ਅਤੇ ਅੱਖਾਂ ਵਿਚ ਪਾਣੀ ਆ ਗਿਆ। ਪਿਤਾ ਦੇ ਗਲੇ ਲੱਗ ਕੇ ਉਹ ਬਹੁਤ ਦੇਰ ਤਕ ਰੋਂਦਾ ਰਿਹਾ। ਹਾਲਾਂਕਿ ਫਿਲਹਾਲ ਕੈਲਾਸ਼ ਮੁਖੀਆ ਦੀ ਦਿਮਾਗੀ ਹਾਲਤ ਕੁਝ ਠੀਕ ਨਹੀਂ ਹੈ। ਤਿੰਨੇ ਹੁਣ ਉਸ ਨੂੰ ਪਿੰਡ ਵਾਪਸ ਲਿਜਾਣ ਦੀ ਤਿਆਰੀਆਂ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੈਲਾਸ਼ ਮੁਖੀਆ ਦਾ ਪਿੰਡ ਲਿਜਾ ਕੇ ਇਲਾਜ ਕਰਾਇਆ ਜਾਵੇਗਾ। ਸਿਆਰਾਮ ਨੇ ਦੱਸਿਆ ਕਿ ਕੈਲਾਸ਼ ਮੁਖੀਆ ਟਰੱਕ ’ਤੇ ਲੇਬਰ ਦਾ ਕੰਮ ਕਰਦੇ ਸਨ। ਪਿੰਡ ਵਿਚ ਉਨ੍ਹਾਂ ਦੀ ਪਤਨੀ ਰੰਜਨਾ ਦੇਵੀ ਹੈ। ਉਨ੍ਹਾਂ ਦੀਆਂ ਦੋ ਬੇਟੀਆਂ ਪੂਜਾ ਅਤੇ ਮੁੰਨੀ ਦਾ ਹੁਣ ਵਿਆਹ ਹੋ ਚੁੱਕਾ ਹੈ। 2001 ਵਿਚ ਉਹ ਘਰੋਂ ਕੰਮ ਲਈ ਗਏ ਪਰ ਵਾਪਸ ਨਾ ਪਰਤੇ। ਪਰਿਵਾਰ ਵਾਲਿਆਂ ਨੇ ਉਨ੍ਹਾਂ ਦੀ ਕਾਫੀ ਭਾਲ ਕੀਤੀ।

ਸਿਆਰਾਮ ਪਹਿਲਾਂ ਤੋਂ ਹੀ ਲੁਧਿਆਣਾ ਵਿਚ ਕੰਮ ਕਰਦਾ ਹੈ। ਦੋ ਸਾਲ ਪਹਿਲਾਂ ਲਾਲੂ ਅਤੇ ਬਜਰੰਗੀ ਵੀ ਕੰਮ ਦੀ ਭਾਲ ਵਿਚ ਲੁਧਿਆਣਾ ਆ ਗਏ ਸਨ। ਇਥੇ ਆਉਣ ’ਤੇ ਉਨ੍ਹਾਂ ਭਾਲ ਅੱਜ ਪੂਰੀ ਹੋ ਗਈ ਜਦੋਂ ਉਨ੍ਹਾਂ ਦੇ ਚਾਚਾ ਅਚਨਚੇਤ ਉਨ੍ਹਾਂ ਨੂੰ ਮਿਲ ਗਏ। ਇਹ ਸਾਰੇ ਮੂਲ ਰੂਪ ਵਿਚ ਦਰਭੰਗਾ ਬਿਹਾਰ, ਤਹਿਸੀਲ ਕੁਸੋਥਰ, ਥਾਣਾ ਬਹਾਦਰਪੁਰ ਦੇ ਪਿੰਡ ਗੋਰਿਆ ਦੇ ਰਹਿਣ ਵਾਲੇ ਹਨ।

Posted By: Tejinder Thind