ਕੁਲਵਿੰਦਰ ਸਿੰਘ ਰਾਏ, ਖੰਨਾ : ਗਰਲ ਫਰੈਂਡ (ਸਹੇਲੀ) ਨੂੰ ਮਿਲਣ ਦੇ ਚੱਕਰ 'ਚ ਲੁਧਿਆਣਾ ਦੀ ਘੁਮਿਆਰ ਮੰਡੀ 'ਚ ਜਿਊਲਰਜ਼ ਦੀ ਦੁਕਾਨ 'ਚ ਸੋਨਾ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਮੁਲਜ਼ਮ ਖੰਨਾ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ। ਦੱਸਣਯੋਗ ਹੈ ਕਿ ਮੁਲਜ਼ਮ ਨੇ ਆਪਣੇ ਚਾਰ ਸਾਥੀਆਂ ਨਾਲ ਮਿਲ ਕੇ 30 ਜਨਵਰੀ ਨੂੰ ਲੁਧਿਆਣਾ 'ਚ ਜਿਊਲਰ ਦੀ ਦੁਕਾਨ ਤੋਂ ਦੋ ਕਿੱਲੋ 100 ਗ੍ਰਾਮ ਸੋਨਾ ਲੁੱਟਿਆ ਸੀ। ਇਸ ਕਾਂਡ ਦਾ ਮੁੱਖ ਮੁਲਜ਼ਮ ਵਸ਼ਨੂੰ ਸੋਨੂੰ ਉਰਫ ਸੈਮ ਨੂੰ ਖੰਨਾ ਪੁਲਿਸ ਨੇ ਕਾਬੂ ਕੀਤਾ ਹੈ। ਸੈਮ ਦੀ ਗਰਲ ਫਰੈਂਡ ਖੰਨਾ ਦੇ ਕੋਟ ਚੌਂਕੀ ਦੇ ਕੋਲ ਇੱਕ ਪਿੰਡ ਦੀ ਰਹਿਣ ਵਾਲੀ ਹੈ, ਜਿਸਦੇ ਨਾਲ ਉਹ ਲਿਵ-ਇਨ-ਰਿਲੇਸ਼ਨਸ਼ਿਪ 'ਚ ਰਹਿੰਦਾ ਹੈ। ਲਾਕਡਾਊਨ ਖੁੱਲ੍ਹਣ 'ਤੇ ਉਹ ਆਪਣੀ ਦੋਸਤ ਕੋਲ ਆਇਆ ਤੇ ਰਸਤੇ 'ਚ ਹੀ ਪੁਲਿਸ ਨੇ ਫੜ ਲਿਆ। ਉਸ ਕੋਲੋਂ ਪੁਲਿਸ ਨੇ ਇੱਕ .315 ਬੋਰ ਦਾ ਪਿਸਤੌਲ ਤੇ ਨਾਲ ਹੀ ਚਾਰ ਕਾਰਤੂਸ ਵੀ ਬਰਾਮਦ ਹੋਏ ਹਨ। ਮੁਲਜ਼ਮ ਖ਼ਿਲਾਫ਼ ਸਦਰ ਥਾਣਾ 'ਚ ਆਰਮਜ ਐੇਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਮਿਲੀ ਜਾਣਕਾਰੀ ਦੇ ਅਨੁਸਾਰ ਸੈਮ ਲੁੱਟ ਦੀ ਵਾਰਦਾਤ ਦੇ ਬਾਅਦ ਕਿਤੇ ਬਾਹਰ ਫ਼ਰਾਰ ਹੋ ਗਿਆ ਸੀ। ਉਸ ਦੇ ਬਾਅਦ ਲਾਕਡਾਊਨ ਕਾਰਨ ਉਹ ਬਾਹਰ ਹੀ ਫਸ ਗਿਆ ਸੀ। ਲੁਧਿਆਣਾ ਤੇ ਖੰਨਾ ਪੁਲਿਸ ਨੂੰ ਇਸ ਦੀ ਜਾਣਕਾਰੀ ਸੀ ਤੇ ਪੁਲਿਸ ਨੇ ਉਸ ਦੀ ਗਰਲ ਫਰੈਂਡ ਦੇ ਘਰ ਦੇ ਆਸ-ਪਾਸ ਹੀ ਨਿਗਰਾਨੀ ਰੱਖੀ ਹੋਈ ਸੀ। ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਸੈਮ ਆਪਣੀ ਗਰਲ ਫਰੈਂਡ ਨੂੰ ਮਿਲਣ ਆ ਰਿਹਾ ਹੈ ਤੇ ਐੱਸਐੱਚਓ ਸਦਰ ਖੰਨਾ ਜਸਪਾਲ ਸਿੰਘ ਦੀ ਅਗੁਵਾਈ 'ਚ ਮੋਹਨਪੁਰ ਦੇ ਕੋਲ ਨਾਕਾਬੰਦੀ ਕਰ ਕੇ ਉਸ ਨੂੰ ਕਾਬੂ ਕਰ ਲਿਆ ਗਿਆ। ਐੱਸਐੱਚਓ ਨੇ ਦੱਸਿਆ ਕਿ ਮੁਲਜ਼ਮ ਮੂਲ ਰੂਪ ਤੋਂ ਲੁਧਿਆਣਾ ਦੇ ਗਣੇਸ਼ ਨਗਰ ਦਾ ਰਹਿਣ ਵਾਲਾ ਹੈ।

ਸੋਨੇ ਦਾ ਸੁਰਾਗ ਲੱਗਣ ਦੀ ਉਮੀਦ

ਲੁਧਿਆਣਾ ਪੁਲਿਸ ਨੇ ਲੁੱਟ ਕਾਂਡ ਦੇ ਮੁਲਜ਼ਮਾਂ 'ਚੋਂ 2 ਨੂੰ ਪਹਿਲਾਂ ਹੀ ਗਿ੍ਫ਼ਤਾਰ ਕਰ ਲਿਆ ਸੀ ਪਰ ਉਨ੍ਹਾਂ ਦੇ ਕਬਜ਼ੇ 'ਚੋਂ ਲੁੱਟਿਆ ਗਿਆ ਸੋਨਾ ਬਰਾਮਦ ਨਹੀਂ ਹੋਇਆ ਸੀ। ਪੁਲਿਸ ਨੂੰ ਸ਼ੱਕ ਸੀ ਕਿ ਲੁੱਟਿਆ ਗਿਆ ਸੋਨਾ ਸੈਮ ਕੋਲ ਹੀ ਹੈ। ਇਸ ਕਾਰਨ ਪੁਲਿਸ ਨੂੰ ਸੈਮ ਦੀ ਤਲਾਸ਼ ਸੀ। ਦੱਸਿਆ ਜਾਂਦਾ ਹੈ ਕੁਝ ਸਮਾਂ ਪਹਿਲਾਂ ਸੀਆਈਏ ਲੁਧਿਆਣਾ ਦੀ ਇੱਕ ਟੀਮ ਨੇ ਵੀ ਸੈਮ ਦੀ ਤਲਾਸ਼ 'ਚ ਖੰਨਾ 'ਚ ਦਸਤਕ ਦਿੱਤੀ ਸੀ ਪਰ ਉਹ ਪੁਲਿਸ ਦੇ ਹੱਥ ਨਹੀਂ ਲੱਗਿਆ ਸੀ। ਐੱਸਐੱਚਓ ਜਸਪਾਲ ਸਿੰਘ ਨੇ ਕਿਹਾ ਕਿ ਵਿਸ਼ਨੂੰ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ, ਉਸ ਤੋਂ ਬਾਅਦ ਹੀ ਸੋਨੇ ਦਾ ਕੋਈ ਸੁਰਾਗ ਮਿਲ ਸਕਦਾ ਹੈ।