ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਬੁਟੀਕ ਚਲਾਉਣ ਵਾਲੀ ਔਰਤ 'ਤੇ ਤੇਜ਼ਾਬੀ ਹਮਲਾ ਕਰਨ ਵਾਲਾ ਮੁਲਜ਼ਮ ਆਪਣੇ ਵੱਲੋਂ ਕੀਤੇ ਭੈੜੇ ਕਾਰੇ ਤੋਂ ਬਾਅਦ ਇਸ ਕਦਰ ਖ਼ੌਫ਼ਜ਼ਦਾ ਹੋ ਗਿਆ ਕਿ ਉਸ ਨੇ ਲੁਧਿਆਣਾ ਦੇ ਇੱਕ ਹੋਟਲ ਵਿੱਚ ਆ ਕੇ ਖ਼ੁਦਕੁਸ਼ੀ ਕਰ ਲਈ। ਥਾਣਾ ਡਿਵੀਜ਼ਨ ਨੰਬਰ 5 ਦੀ ਸਬ ਇੰਸਪੈਕਟਰ ਅਵਨੀਤ ਕੌਰ ਦਾ ਕਹਿਣਾ ਹੈ ਕਿ ਪੁਲਿਸ ਨੇ ਜਲੰਧਰ ਦੇ ਰਹਿਣ ਵਾਲੇ ਮੁਲਜ਼ਮ ਅਵਿਨਾਸ਼ ਕੁਮਾਰ (50) ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਬੁੱਧਵਾਰ ਨੂੰ ਲਾਸ਼ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਪੁਲਿਸ ਅਗਲੀ ਕਾਰਵਾਈ ਕਰੇਗੀ।

ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਅਵਨੀਤ ਕੌਰ ਨੇ ਦੱਸਿਆ ਕਿ ਮੁਲਜ਼ਮ ਅਵਿਨਾਸ਼ ਕੁਮਾਰ 2 ਜੁਲਾਈ ਤੋਂ ਲੁਧਿਆਣਾ ਦੇ ਬੱਸ ਸਟੈਂਡ ਦੇ ਲਾਗੇ ਪੈਂਦੇ ਇੱਕ ਹੋਟਲ ਵਿੱਚ ਰਹਿ ਰਿਹਾ ਸੀ। ਮੰਗਲਵਾਰ ਦੁਪਹਿਰ ਤੋਂ ਬਾਅਦ ਜਦ ਹੋਟਲ ਦਾ ਸਟਾਫ ਕਮਰੇ ਅੰਦਰ ਦਾਖਲ ਹੋਇਆ ਤਾਂ ਉਨ੍ਹਾਂ ਨੇ ਅਵਿਨਾਸ਼ ਦੀ ਲਾਸ਼ ਪੱਖੇ ਨਾਲ ਲਟਕਦੀ ਦੇਖੀ। ਐਸਿਡ ਅਟੈਕ ਦੇ ਇਸ ਮੁਲਜ਼ਮ ਨੇ ਪੱਖੇ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਸੀ।

ਇੰਜ ਸੁੱਟਿਆ ਸੀ ਔਰਤ 'ਤੇ ਤੇਜ਼ਾਬ

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮ ਅਵਿਨਾਸ਼ ਕੁਮਾਰ ਸੁਭਾਨਪੁਰ ਇਲਾਕੇ ਵਿਚ ਬੁਟੀਕ ਚਲਾਉਣ ਵਾਲੀ 35 ਵਰ੍ਹਿਆਂ ਦੀ ਔਰਤ ਦਲਬੀਰ ਕੌਰ ਦਾ ਪਿੱਛਾ ਕਰਦਾ ਸੀ। ਔਰਤ ਨੇ ਕਈ ਵਾਰ ਉਸ ਦਾ ਵਿਰੋਧ ਕੀਤਾ। ਗੁੱਸੇ ਵਿੱਚ ਆਏ ਮੁਲਜ਼ਮ ਨੇ ਉਸ ਉੱਪਰ ਤੇਜ਼ਾਬੀ ਹਮਲਾ ਕਰਨ ਦੀ ਵਿਉਂਤ ਘੜ ਲਈ। 21 ਜੂਨ ਨੂੰ ਉਹ ਔਰਤ ਦੇ ਬੁਟੀਕ ਅੰਦਰ ਦਾਖ਼ਲ ਹੋਇਆ ਅਤੇ ਉਸ ਉੱਪਰ ਤੇਜ਼ਾਬੀ ਹਮਲਾ ਕਰ ਦਿੱਤਾ।ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ ਅਤੇ 2 ਜੁਲਾਈ ਨੂੰ ਬੱਸ ਸਟੈਂਡ ਦੇ ਇੱਕ ਹੋਟਲ ਵਿੱਚ ਕਮਰਾ ਲੈ ਕੇ ਰਹਿਣ ਲੱਗ ਪਿਆ।

Posted By: Jagjit Singh