ਮਨੀਸ਼ ਸਚਦੇਵਾ/ਬਲਜੀਤ ਸਿੰਘ ਬਘੌਰ, ਸਮਰਾਲਾ : ਬੀਤੀ ਰਾਤ ਖੰਨਾ ਰੋਡ ਤੇ ਸਥਿਤ ਐੱਮਜੀ ਕੰਪਲੈਕਸ ਕੋਲ ਲੁਟੇਰਿਆਂ ਵਲੋਂ ਰਿਵਾਲਵਰ ਦੀ ਜ਼ੋਰ 'ਤੇ ਇਕ ਬੈਂਕ ਮੁਲਾਜ਼ਮ ਦੀ ਨਵੀ ਔਰਾ ਗੱਡੀ ਖੋਹ ਲਈ ਅਤੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਜਸਵਿੰਦਰ ਸਿੰਘ ਚਾਹਲ ਤੇ ਥਾਣਾ ਮੁਖੀ ਇੰ. ਕੁਲਜਿੰਦਰ ਸਿੰਘ ਗਰੇਵਾਲ ਮੌਕੇ 'ਤੇ ਪਹੁੰਚੇ ਤੇ ਕੰਪਲੈਕਸ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਪੀੜਤ ਜਤਿੰਦਰ ਸ਼ਰਮਾ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਜਤਿੰਦਰ ਸ਼ਰਮਾ ਨੇ ਦੱਸਿਆ ਕਿ ਐੱਸਬੀਆਈ ਲਾਈਫ ਇੰਸ਼ੋਰੈਂਸ ਬ੍ਰਾਂਚ ਸਮਰਾਲਾ ਵਿਖੇ ਮੁਲਾਜ਼ਮ ਹੈ, ਉਸਨੇ ਕੁਝ ਦਿਨ ਪਹਿਲਾਂ ਨਵੀਂ ਔਰਾ ਗੱਡੀ ਪੀਬੀ43 ਐਫ2856 ਖਰੀਦ ਕੀਤੀ ਸੀ, ਕੁਝ ਦਿਨਾਂ ਤੋਂ ਉਹ ਆਪਣੀ ਗੱਡੀ ਕੰਟੀਨ ਦੀ ਪਾਰਕਿੰਗ 'ਚ ਖੜੀ ਕਰਦਾ ਸੀ, ਪਰ ਹੁਣ ਉੱਥੇ ਝੋਨਾ ਸੁੱਟਿਆ ਹੋਣ ਕਾਰਨ ਉਨ੍ਹਾਂ ਨੇ ਆਪਣੀ ਗੱਡੀ ਖੰਨਾ ਰੋਡ 'ਤੇ ਬਣੇ ਐੱਮਜੀ ਕੰਪਲੈਕਸ ਅੱਗੇ ਬਣੀ ਪਾਰਕਿੰਗ ਵਿਚ ਖੜ੍ਹੀ ਕਰਕੇ ਗੱਡੀ ਵਿਚੋਂ ਉੱਤਰ ਕੇ ਆ ਰਿਹਾ ਸੀ ਤਾਂ ਇਕ ਵਿਅਕਤੀ ਉਸ ਕੋਲ ਆਇਆ ਅਤੇ ਹੱਥ ਵਿਚ ਫੜੀ ਰਿਵਾਲਵਰ ਦਿਖਾ ਕੇ ਕਹਿਣ ਲੱਗਾ ਕਿ ਗੱਡੀ ਦੀ ਚਾਬੀ ਉਸਨੂੰ ਫੜਾ ਦਿਓ, ਨਹੀ ਤਾਂ ਗੋਲੀ ਮਾਰ ਦਿਆਂਗਾ। ਉਸਤੋਂ ਥੋੜੀ ਦੂਰ ਖੜਾ ਇਕ ਹੋਰ ਵਿਅਕਤੀ ਕਹਿਣ ਲੱਗਾ ਕਿ ਇਸਦੇ ਗੋਲੀ ਮਾਰਦੇ। ਮੈਂ ਡਰ ਕਾਰਨ ਗੱਡੀ ਦੀ ਚਾਬੀ ਉਨ੍ਹਾਂ ਨੂੰ ਫੜਾ ਦਿੱਤੀ ਤਾਂ ਉਕਤ ਵਿਅਕਤੀ ਗੱਡੀ ਵਿਚ ਸਵਾਰ ਹੋ ਕੇ ਮੇਨ ਚੌਂਕ ਵੱਲ ਨੂੰ ਫਰਾਰ ਹੋ ਗਏ। ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸਿੰਕਦਰ ਸਿੰਘ ਰਾਜ ਨੇ ਦੱਸਿਆ ਕਿ ਘਟਨਾ ਸਥਾਨ ਦੇ ਨੇੜੇ ਲੱਗੇ ਕੈਮਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਮੋਬਾਈਲ ਦੇ ਡੰਪ ਵੀ ਚੈੱਕ ਕੀਤੇ ਜਾ ਰਹੇ ਹਨ, ਲੁਟੇਰਿਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ। ਦੱਸਣਯੋਗ ਹੇ ਕਿ ਇਲਾਕੇ ਵਿਚ ਇਸ ਤੋਂ ਕੁਝ ਦਿਨ ਪਹਿਲਾਂ 5 ਮੱਝਾਂ ਚੋਰੀ ਹੋ ਚੁੱਕੀਆਂ ਹਨ ਅਤੇ ਇਕ ਕਾਰ ਸਵਾਰ ਵਲੋਂ ਦੋ ਔਰਤਾਂ ਤੇ ਇਕ ਵਿਅਕਤੀ ਦਾ ਸੋਨੇ ਦਾ ਕੜਾ ਲਾਹ ਲਿਆ ਹੇ, ਜਿਨ੍ਹਾਂ ਬਾਰੇ ਅੱਜ ਤਕ ਕੋਈ ਪਤਾ ਨਹੀ ਲੱਗ ਸਕਿਆ।

Posted By: Ravneet Kaur