ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਕੋਰਟ ਕੰਪਲੈਕਸ ਦੀ ਬੇਸਮੈਂਟ 'ਚ ਬੈਠ ਕੇ ਵਾਹਨਾਂ ਦੀਆਂ ਜਾਅਲੀ ਇੰਸ਼ੋਰੈਂਸ ਤਿਆਰ ਕਰਨ ਵਾਲੇ ਮੁਲਜ਼ਮ ਨੂੰ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਪੁਲਿਸ ਦੇ ਮੁਤਾਬਕ ਕਾਬੂ ਕੀਤੇ ਮੁਲਜ਼ਮ ਦੀ ਪਛਾਣ ਸ਼ਿਮਲਾਪੁਰੀ ਦੇ ਗੋਬਿੰਦਸਰ ਇਲਾਕੇ ਦੇ ਰਹਿਣ ਵਾਲੇ ਜਗਜੀਤ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਕਾਬੂ ਕੀਤੇ ਮੁਲਜ਼ਮਾਂ ਦੇ ਕਬਜ਼ੇ 'ਚੋਂ 12 ਜਾਅਲੀ ਇੰਸ਼ੋਰੈਂਸ, ਲੈਪਟਾਪ, ਪ੍ਰਿੰਟਰ ਤੇ ਮੋਬਾਈਲ ਫੋਨ ਵੀ ਬਰਾਮਦ ਕੀਤਾ ਹੈ।

ਜਾਣਕਾਰੀ ਦਿੰਦਿਆਂ ਥਾਣਾ ਡਵੀਜ਼ਨ ਨੰਬਰ ਪੰਜ ਦੇ ਏਐੱਸਆਈ ਗੁਰਚਰਨ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਸੂਤਰਾਂ ਕੋਲੋਂ ਇੱਕ ਜਾਣਕਾਰੀ ਮਿਲੀ ਕਿ ਮੁਲਜ਼ਮ ਜਗਜੀਤ ਸਿੰਘ ਕੋਰਟ ਕੰਪਲੈਕਸ ਦੀ ਬੇਸਮੈਂਟ ਵਿਚ ਬੈਠ ਕੇ ਵਾਹਨਾਂ ਦੀਆਂ ਜਾਅਲੀ ਇੰਸ਼ੋਰੈਂਸ ਤਿਆਰ ਕਰਦਾ ਹੈ। ਪੁਲਿਸ ਨੂੰ ਇਹ ਪਤਾ ਵੀ ਲੱਗਾ ਕਿ ਮੁਲਜ਼ਮ ਨੇ ਬੇਸਮੈਂਟ ਵਿਚ ਹੀ ਇੰਸ਼ੋਰੈਂਸ ਤਿਆਰ ਕਰਨ ਲਈ ਪੂਰਾ ਸਿਸਟਮ ਲਗਾਇਆ ਹੋਇਆ ਹੈ। ਜਾਣਕਾਰੀ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਦਬਿਸ਼ ਦੇ ਕੇ ਮੁਲਜ਼ਮ ਜਗਜੀਤ ਸਿੰਘ ਨੂੰ ਕੋਰਟ ਕੰਪਲੈਕਸ ਦੀ ਬੇਸਮੈਂਟ 'ਚੋਂ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਕਾਬੂ ਕੀਤੇ ਮੁਲਜ਼ਮ ਦੇ ਕਬਜ਼ੇ 'ਚੋਂ 12 ਜਾਅਲੀ ਇੰਸ਼ੋਰੈਂਸ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਵੀਰਵਾਰ ਦੁਪਹਿਰ ਤੋਂ ਬਾਅਦ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਇਸ ਦੌਰਾਨ ਪੁੱਛਗਿੱਛ ਮੁਲਜ਼ਮ ਕੋਲੋਂ ਕਈ ਖੁਲਾਸੇ ਹੋਣਗੇ।

Posted By: Amita Verma