ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਸੋਮਵਾਰ ਸ਼ਾਮ ਨੂੰ ਕੋਹਾੜਾ-ਲੱਖੋਵਾਲ ਰੋਡ 'ਤੇ ਇਕ ਤੇਜ਼ ਰਫ਼ਤਾਰ ਮਿੰਨੀ ਬੱਸ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਭਿਆਨਕ ਹਾਦਸੇ ਦੇ ਦੌਰਾਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਤਿੰਨੋਂ ਮਜ਼ਦੂਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਪੈਟਰੋਲ ਪੁਆਉਣ ਲਈ ਪੰਪ ਤੇ ਜਾ ਰਹੇ ਸਨ ।

ਹਾਦਸੇ ਤੋਂ ਬਾਅਦ ਚਾਲਕ ਬੱਸ ਨੂੰ ਸੜਕ 'ਤੇ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਕੂੰਮਕਲਾਂ ਪੁਲਿਸ ਨੇ ਬੱਸ ਨੂੰ ਕਬਜ਼ੇ 'ਚ ਲੈ ਲਿਆ ਹੈ ਅਤੇ ਮਿੰਨੀ ਬੱਸ ਦੇ ਅਣਪਛਾਤੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।ਮ੍ਰਿਤਕਾਂ ਦੀ ਪਛਾਣ ਮਨੀਸ਼ (24), ਮੁੰਨਾ (27) ਅਤੇ ਮਦਨ ਲਾਲ (21) ਵਜੋਂ ਹੋਈ ਹੈ, ਜੋ ਕਿ ਲੱਖੋਵਾਲ ਰੋਡ ਸਥਿਤ ਭਗਵਤੀ ਕਾਟਨ ਮਿੱਲ ਵਿੱਚ ਕੰਮ ਕਰਦੇ ਸਨ।ਮ੍ਰਿਤਕ ਮਨੀਸ਼ ਦੇ ਭਰਾ ਪੰਕਜ ਕੁਮਾਰ ਨੇ ਦੱਸਿਆ ਕਿ ਸੋਮਵਾਰ ਰਾਤ ਨੂੰ ਉਹ ਆਪਣੇ ਮੋਟਰਸਾਈਕਲ ਵਿਚ ਪੈਟਰੋਲ ਭਰਵਾਉਣ ਜਾ ਰਹੇ ਸਨ।

ਪੰਕਜ ਕੁਮਾਰ ਨੇ ਦੱਸਿਆ ਕਿ ਕੋਹਾੜਾ-ਲੱਖੋਵਾਲ ਰੋਡ 'ਤੇ ਲੱਖੋਵਾਲ ਸਾਈਡ ਤੋਂ ਆ ਰਹੀ ਇਕ ਪ੍ਰਾਈਵੇਟ ਕੰਪਨੀ ਦੀ ਮਿੰਨੀ ਬੱਸ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮਨੀਸ਼ ਅਤੇ ਮੁੰਨਾ ਮਾਂਜੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਮਦਲ ਲਾਲ ਨੇ ਹਸਪਤਾਲ ਪਹੁੰਚਦਿਆਂ ਹੀ ਦਮ ਤੋੜ ਦਿੱਤਾ। ਹਾਦਸੇ ਤੋਂ ਬਾਅਦ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ।ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਅਣਪਛਾਤੇ ਬੱਸ ਚਾਲਕ ਦੇ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ।

Posted By: Sunil Thapa