ਜੇਐੱਨਐੱਨ, ਲੁਧਿਆਣਾ : ਆਮ ਆਦਮੀ ਪਾਰਟੀ ਦੇ ਸਾਬਕਾ ਵਰਕਰ ਨੇ ਸੋਸ਼ਲ਼ ਮੀਡੀਆ 'ਤੇ ਉਪ-ਮੁੱਖ ਮੰਤਰੀ ਸੁਖਬੀਰ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਫੋਟੋ ਦਾ ਗ਼ਲਤ ਇਸਤੇਮਾਲ ਕਰਨ 'ਤੇ ਸ਼੍ਰੋਮਣੀ ਅਕਾਲੀ ਦਲ ਤੋਂ ਮਾਫ਼ੀ ਮੰਗੀ ਹੈ।

ਮਾਫ਼ੀਨਾਮੇ 'ਚ ਉਨ੍ਹਾਂ ਲਿਖਿਆ ਕਿ ਉਹ ਡੇਰਾ ਬਾਬਾ ਨਾਨਕ 'ਚ ਆਮ ਆਦਮੀ ਪਾਰਟੀ ਦੇ ਵਰਕਰ ਸਨ। ਮੰਗਲਵਾਰ ਨੂੰ ਉਨ੍ਹਾਂ ਅਕਾਲੀ ਦਲ ਦੇ ਲੀਗਲ ਸੈੱਲ ਦੇ ਪ੍ਰਦੇਸ਼ ਪ੍ਰਧਾਨ ਪਰਉਪਕਾਰ ਸਿੰਘ ਘੁੰਮਣ ਨੂੰ ਮਾਫ਼ੀਨਾਮਾ ਸੌਂਪਿਆ। ਪਿਛਲੇ ਸਾਲ 26 ਜੂਨ ਨੂੰ ਫੇਸਬੁੱਕ 'ਤੇ ਸੁਖਬੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਦੀ ਇਕ ਫੋਟੋ ਪੋਸਟ ਕੀਤੀ ਸੀ ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ 'ਤੇ ਥਾਣਾ ਡਵੀਜ਼ਨ ਨੰਬਰ ਪੰਜ ਲੁਧਿਆਣਾ 'ਚ ਕੇਸ ਦਰਜ ਕਰਵਾਇਆ ਸੀ।

ਸੁਖਵਿੰਦਰ ਸਿੰਘ ਸੁੱਖੀ ਨੇ ਕਬੂਲ ਕੀਤਾ ਕਿ ਉਸ ਨੇ ਫੋਟੋ ਦਾ ਗ਼ਲਤ ਇਸਤੇਮਾਲ ਕੀਤਾ ਸੀ ਜੋ ਦਰਬਾਰ ਸਾਹਿਬ 'ਚ ਮੱਥਾ ਟੇਕਣ ਦੀ ਫੋਟੋ ਸੀ। ਉਸ ਨੇ ਆਪਣੀ ਗ਼ਲਤੀ ਮੰਨ ਕੇ ਪਰਉਪਕਾਰ ਸਿੰਘ ਨੂੰ ਮਾਫ਼ੀਨਾਮਾ ਸੌਂਪਿਆ ਹੈ। ਉੱਥੇ ਹੀ ਪਰਉਪਕਾਰ ਸਿੰਘ ਨੇ ਕਿਹਾ ਕਿ ਆਪ ਵਰਕਰ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਇੰਨਾ ਡਿੱਗ ਸਕਦੇ ਹਨ, ਇਸ ਤੋਂ ਪਤਾ ਚੱਲਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਪ ਤੇ ਕਾਂਗਰਸੀ ਮਿਲੇ ਹੋਏ ਹਨ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ 'ਤੇ ਤੁਲੇ ਹਨ।

Posted By: Seema Anand