ਐੱਸਪੀ ਜੋਸ਼ੀ, ਲੁਧਿਆਣਾ : ਪੁਲਿਸ ਦੇ ਸੁਰੱਖਿਆ ਤੰਤਰ ਤੋਂ ਬੇਖ਼ੌਫ਼ ਚੋਰਾਂ ਨੇ ਪਿੰਡ 'ਚ ਚਲਦੇ ਆਂਗਣਵਾੜੀ ਸੈਂਟਰ ਨੂੰ ਵੀ ਨਹੀਂ ਬਖ਼ਸ਼ਿਆ। ਸਰਕਾਰੀ ਪ੍ਰਰਾਇਮਰੀ ਸਕੂਲ ਭੋਲਾਪੁਰ ਦੇ ਆਂਗਨਵਾੜੀ ਸੈਂਟਰ ਦਾ ਤਾਲਾ ਤੋੜ ਕੇ ਚੋਰਾਂ ਨੇ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਲਈ ਭੋਜਨ ਬਣਾਉਣ ਲਈ ਵਰਤਿਆ ਜਾਣ ਵਾਲਾ ਸਿਲੰਡਰ ਤਕ ਚੋਰੀ ਕਰ ਲਿਆ। ਪਿੰਡ ਭੋਲਾਪੁਰ ਦੀ ਰਹਿਣ ਵਾਲੀ ਆਂਗਣਵਾੜੀ ਇੰਚਾਰਜ ਸੁਖਦੇਵ ਕੌਰ ਨੇ ਦੱਸਿਆ ਕਿ ਉਹ ਸਰਕਾਰੀ ਪ੍ਰਰਾਇਮਰੀ ਸਕੂਲ ਭੋਲਾਪੁਰ 'ਚ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਖੁੱਲ੍ਹੇ ਆਂਗਣਵਾੜੀ ਸੈਂਟਰ ਦੀ ਇੰਚਾਰਜ ਹੈ। ਤਿੰਨ ਦਿਨ ਪਹਿਲਾਂ ਰੋਜ਼ ਵਾਂਗ ਉਹ ਆਂਗਣਵਾੜੀ ਸੈਂਟਰ ਬੰਦ ਕਰ ਕੇ ਘਰ ਗਈ ਤੇ ਅਗਲੇ ਦਿਨ ਆਉਣ 'ਤੇ ਪਤਾ ਲੱਗਾ ਕਿ ਸੈਂਟਰ ਦੇ ਤਾਲੇ ਟੁੱਟੇ ਹੋਏ ਹਨ। ਜਾਂਚ ਕਰਨ 'ਤੇ ਪਤਾ ਲੱਗਾ ਕਿ ਬੱਚਿਆਂ ਲਈ ਖੀਰ ਤੇ ਖਿਚੜੀ ਬਣਾਉਣ ਲਈ ਵਰਤੇ ਜਾਣ ਵਾਲੇ ਸਿਲੰਡਰ 'ਤੇ ਚੋਰਾਂ ਨੇ ਹੱਥ ਸਾਫ਼ ਕਰ ਦਿੱਤਾ ਸੀ। ਉਕਤ ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਜਮਾਲਪੁਰ ਦੀ ਪੁਲਿਸ ਵੱਲੋਂ ਪਰਚਾ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।