ਸੁਸ਼ੀਲ ਕੁਮਾਰ ਸ਼ਸ਼ੀ ,ਲੁਧਿਆਣਾ : ਅਣਪਛਾਤੇ ਵਾਹਨ ਦੀ ਚਪੇਟ ਵਿੱਚ ਆਉਣ ਕਾਰਨ ਬੁਰੀ ਤਰ੍ਹਾਂ ਫੱਟੜ ਹੋਏ ਨੌਜਵਾਨ ਦੀ ਹਸਪਤਾਲ ਵਿੱਚ ਮੌਤ ਹੋ ਗਈ । ਇਸ ਮਾਮਲੇ ਵਿਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਚੰਦਨ ਕੁਮਾਰ ਤ੍ਰਿਵੇਦੀ (22) ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਮਾਮਲੇ ਸਬੰਧੀ ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਢੰਡਾਰੀ ਕਲਾਂ ਦੇ ਰਹਿਣ ਵਾਲੇ ਅਮਿਤ ਕੁਮਾਰ ਤ੍ਰਿਵੇਦੀ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਚੰਦਨ ਕੁਮਾਰ ਤ੍ਰਿਵੇਦੀ ਸ਼ਾਮ ਸਾਢੇ ਚਾਰ ਵਜੇ ਦੇ ਕਰੀਬ ਮੋਟਰਸਾਈਕਲ 'ਤੇ ਸਵਾਰ ਹੋ ਕੇ ਬਾਜ਼ਾਰ ਤੋਂ ਘਰ ਵਾਪਸ ਆ ਰਿਹਾ ਸੀ, ਜਿਵੇਂ ਹੀ ਉਹ ਢੰਡਾਰੀ ਕਲਾਂ ਮਹਿੰਦਰਾ ਸ਼ੋਅਰੂਮ ਦੇ ਕੋਲ ਪਹੁੰਚਿਆ ਤਾਂ ਕਿਸੇ ਅਣਪਛਾਤੇ ਵਾਹਨ ਨੇ ਉਸਨੂੰ ਟੱਕਰ ਮਾਰ ਦਿੱਤੀ। ਬੁਰੀ ਤਰ੍ਹਾਂ ਫੱਟੜ ਹੋਏ ਚੰਦਨ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਕੁਝ ਸਮੇਂ ਬਾਅਦ ਉਸਦੀ ਮੌਤ ਹੋ ਗਈ। ਇਸ ਮਾਮਲੇ ਵਿਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਅਮਿਤ ਕੁਮਾਰ ਦੇ ਬਿਆਨਾਂ ਉਪਰ ਅਣਪਛਾਤੇ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ।

Posted By: Ramanjit Kaur