ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਮਹਿਲਾ ਫਾਈਨਾਂਸਰ ਕੋਲ ਰਿਕਵਰੀ ਦਾ ਕੰਮ ਕਰ ਰਹੇ ਨੌਜਵਾਨ ਦੀ ਝਗੜੇ ਤੋਂ ਬਾਅਦ ਮੌਤ ਹੋ ਗਈ ।ਇਸ ਮਾਮਲੇ ਵਿਚ ਥਾਣਾ ਡਾਬਾ ਦੀ ਪੁਲਿਸ ਨੇ ਮ੍ਰਿਤਕ ਨੌਜਵਾਨ ਪ੍ਰਕਾਸ਼ ਸਿੰਘ (26) ਦੇ ਪਿਤਾ ਨਿਊ ਸਤਿਗੁਰੂ ਨਗਰ ਸਾਹਨੇਵਾਲ ਦੇ ਵਾਸੀ ਲਖਬੀਰ ਸਿੰਘ ਦੇ ਬਿਆਨਾਂ ਉਪਰ ਆਜ਼ਾਦ ਨਗਰ ਦੀ ਰਹਿਣ ਵਾਲੀ ਮਹਿਲਾ ਫਾਈਨਾਂਸਰ ਰੀਟਾ ਰਾਣੀ ,ਅਜੇ ਕੁਮਾਰ ਅਤੇ ਫਰੈਂਡ ਕਾਲੋਨੀ ਜੱਸੀਆਂ ਰੋਡ ਦੀ ਰਹਿਣ ਵਾਲੀ ਔਰਤ ਪੂਨਮ ਦੇ ਖਿਲਾਫ ਗ਼ੈਰ ਇਰਾਦਤਨ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਲਖਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਪ੍ਰਕਾਸ਼ ਸਿੰਘ ਪਿਛਲੇ ਢਾਈ ਸਾਲਾਂ ਤੋਂ ਫਾਇਨਾਂਸਰ ਰੀਟਾ ਰਾਣੀ ਦੇ ਕੋਲ ਰਿਕਵਰੀ ਦਾ ਕੰਮ ਕਰਦਾ ਸੀ । ਪ੍ਰਕਾਸ਼ ਉਦੋਂ ਤੋਂ ਹੀ ਰੀਟਾ ਰਾਣੀ ਦੇ ਘਰ ਹੀ ਰਹਿ ਰਿਹਾ ਸੀ।ਲਖਬੀਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲੋਂ ਉਨ੍ਹਾਂ ਦਾ ਛੋਟਾ ਬੇਟਾ ਆਪਣੇ ਭਰਾ ਪ੍ਰਕਾਸ਼ ਸਿੰਘ ਨੂੰ ਮਿਲਣ ਲਈ ਜਦ ਆਜ਼ਾਦ ਨਗਰ ਗਿਆ ਤਾਂ ਉਸਨੇ ਦੇਖਿਆ ਤਿੰਨੋਂ ਮੁਲਜ਼ਮ ਪ੍ਰਕਾਸ਼ ਸਿੰਘ ਨਾਲ ਝਗੜ ਰਹੇ ਸਨ । ਕੁਝ ਸਮੇਂ ਬਾਅਦ ਹੀ ਰੀਟਾ ਰਾਣੀ ਦੇ ਘਰ ਹੀ ਪ੍ਰਕਾਸ਼ ਸਿੰਘ ਦੀ ਹਾਲਤ ਬੇਹੱਦ ਖਰਾਬ ਹੋ ਗਈ । ਪ੍ਰਕਾਸ਼ ਦਾ ਭਰਾ ਅਤੇ ਪਿਤਾ ਉਸ ਨੂੰ ਅਪੋਲੋ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ । ਇਸ ਮਾਮਲੇ ਵਿਚ ਥਾਣਾ ਡਾਬਾ ਦੇ ਏਐਸਆਈ ਮੀਤ ਰਾਮ ਦਾ ਕਹਿਣਾ ਹੈ ਕਿ ਪੁਲਿਸ ਨੇ ਮ੍ਰਿਤਕ ਪ੍ਰਕਾਸ਼ ਸਿੰਘ ਦੇ ਪਿਤਾ ਲਖਬੀਰ ਸਿੰਘ ਦੇ ਬਿਆਨਾਂ ਉੱਪਰ ਰੀਟਾ ਰਾਣੀ, ਅਜੇ ਕੁਮਾਰ ਅਤੇ ਪੂਨਮ ਦੇ ਖਿਲਾਫ਼ ਗੈਰ ਇਰਾਦਤਨ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

ਨੌਜਵਾਨ ਨੂੰ ਟੀਕਾ ਲਗਾਉਣ ਦੀ ਗੱਲ ਆ ਰਹੀ ਹੈ ਸਾਹਮਣੇ

ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਮੀਤ ਰਾਮ ਦਾ ਕਹਿਣਾ ਹੈ ਕਿ ਮੌਤ ਦੇ ਕਾਰਨ ਅਜੇ ਤਕ ਸਪੱਸ਼ਟ ਨਹੀਂ ਹੋ ਸਕੇ, ਪਰ ਮੁੱਢਲੀ ਜਾਂਚ ਤੋਂ ਇਹ ਸਾਹਮਣੇ ਆ ਰਿਹਾ ਹੈ ਕਿ ਮੌਤ ਤੋਂ ਪਹਿਲੋਂ ਰੀਟਾ ਰਾਣੀ ਦੇ ਘਰ ਵਿਚ ਹੀ ਪ੍ਰਕਾਸ਼ ਸਿੰਘ ਦੇ ਟੀਕਾ ਲਗਾਇਆ ਗਿਆ ਸੀ । ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੋਸਟਮਾਰਟਮ ਦੀ ਰਿਪੋਰਟ ਅਤੇ ਤਫਤੀਸ਼ ਤੋਂ ਬਾਅਦ ਕੇਸ ਤੇ ਹੋਰ ਤੱਥ ਵੀ ਸਾਹਮਣੇ ਆ ਸਕਦੇ ਹਨ ।

Posted By: Tejinder Thind