ਕੁਲਵਿੰਦਰ ਸਿੰਘ ਰਾਏ, ਖੰਨਾ : ਖੰਨਾ ਨੇੜਲੇ ਪਿੰਡ ਚਕੋਹੀ ਦੇ ਨੌਜਵਾਨ ਗੁਰਪ੍ਰੀਤ ਸਿੰਘ ਦੀ ਅਮਰੀਕਾ ਵਿਚ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਘਟਨਾ ਦੌਰਾਨ ਗੁਰਪ੍ਰੀਤ ਸਿੰਘ ਸਟੋਰ ਵਿੱਚ ਕੰਮ ਕਰ ਰਿਹਾ ਸੀ ਤੇ ਇਸ ਸਟੋਰ ਉੱਤੇ ਪਹਿਲਾ ਦੀ ਕਈ ਵਾਰ ਲੁੱਟ-ਖੋਹ ਦੀ ਵਾਰਦਾਤ ਹੋ ਚੁੱਕੀ ਹੈ।

ਪਿੰਡ ਚਕੋਹੀ ਦੇ ਸਰਪੰਚ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦਾ ਨੌਜਵਾਨ ਗੁਰਪ੍ਰੀਤ ਸਿੰਘ (31) ਪੁੱਤਰ ਜਸਵੰਤ ਸਿੰਘ ਕਰੀਬ ਦੋ ਸਾਲ ਪਹਿਲਾਂ ਵਰਕ ਪਰਮਿਟ 'ਤੇ ਅਮਰੀਕਾ ਗਿਆ ਸੀ। ਗੁਰਪ੍ਰੀਤ ਸਿੰਘ ਅਮਰੀਕਾ ਦੇ ਸ਼ਹਿਰ ਸੈਕਰਾਮੈਂਟੋ ਵਿਖੇ ਸੈਵਨ ਇਲੇਵਨ ਸਟੋਰ 'ਚ ਨੌਕਰੀ ਕਰਦਾ ਸੀ। ਸੋਮਵਾਰ ਦੀ ਸ਼ਾਮ 5 ਵਜੇ (ਭਾਰਤੀ ਸਮੇਂ ਅਨੁਸਾਰ ) ਸਟੋਰ ਦੇ ਬਾਹਰ ਉਸਦੀ ਕਿਸੇ ਨੌਜਵਾਨ ਨਾਲ ਬਹਿਸ ਹੋ ਗਈ। ਉਸ ਨੌਜਵਾਨ ਨੇ ਗੁਰਪ੍ਰੀਤ ਸਿੰਘ ਨੂੰ ਗੋਲ਼ੀ ਮਾਰ ਦਿੱਤੀ। ਜਿਸ ਨੂੰ ਉਸਦੇ ਸਾਥੀਆਂ ਨੇ ਹਸਪਤਾਲ ਲਿਆਂਦਾ ਤੇ ਰਾਤ ਦੇ 11 ਵਜੇ ਦੇ ਕਰੀਬ ਉਸਦੀ ਮੌਤ ਹੋ ਗਈ।

ਘਰਵਾਲੀ ਨਾਲ ਚੱਲ ਰਹੀ ਸੀ ਗੱਲਬਾਤ

ਘਟਨਾ ਤੋਂ ਕੁਝ ਸਮਾਂ ਪਹਿਲਾਂ ਗੁਰਪ੍ਰੀਤ ਸਿੰਘ ਦੀ ਆਪਣੀ ਪਤਨੀ ਸੁਖਪ੍ਰੀਤ ਕੌਰ ਨਾਲ ਫ਼ੋਨ 'ਤੇ ਗੱਲਬਾਤ ਚੱਲ ਰਹੀ ਸੀ। ਜਦੋਂ ਮੁਲਜ਼ਮ ਨੌਜਵਾਨ ਨਾਲ ਬਹਿਸ ਹੋਈ ਤਾਂ ਗੁਰਪ੍ਰੀਤ ਸਿੰਘ ਨੇ ਆਪਣੀ ਪਤਨੀ ਨੂੰ ਕਿਹਾ ਕਿ ਉਹ ਬਾਅਦ ਵਿਚ ਗੱਲ ਕਰਦਾ। ਕਾਫ਼ੀ ਦੇਰ ਤੱਕ ਜਦੋ ਉਸਦਾ ਫੋਨ ਨਹੀਂ ਆਇਆ ਤਾਂ ਘਰਵਾਲੀ ਨੇ ਵਾਰ ਵਾਰ ਫੋਨ ਲਗਾਇਆ ਪਰ ਉਸਨੇ ਫੋਨ ਨਹੀਂ ਚੱਕਿਆ। ਪਰਿਵਾਰ ਨੇ ਆਪਣੇ ਕਿਸੇ ਜਾਣਕਾਰ ਨੂੰ ਗੁਰਪ੍ਰੀਤ ਸਿੰਘ ਨਾਲ ਗੱਲ ਕਰਵਾਉਣ ਲਈ ਆਖਿਆ। ਜਿਸ ਨੇ ਦੇਰ ਰਾਤ ਪਰਿਵਾਰ ਨੂੰ ਦੱਸਿਆ ਕਿ ਗੁਰਪ੍ਰੀਤ ਸਿੰਘ ਦੀ ਕਿਸੇ ਨੌਜਵਾਨ ਨੇ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਦਾ 6 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ, ਉਸਦੇ ਇੱਕ 5 ਸਾਲ ਦੀ ਬੱਚੀ ਹੈ।

Posted By: Tejinder Thind