ਐੱਸਪੀ ਜੋਸ਼ੀ, ਲੁਧਿਆਣਾ : ਸਥਾਨਕ ਜੀਵਨ ਨਗਰ ਇਲਾਕੇ 'ਚ ਇਕ ਫੈਕਟਰੀ ਮੁਲਾਜ਼ਮ ਦੀ ਕੰਮ ਕਰਦੇ ਹੋਏ ਸ਼ੱਕੀ ਹਾਲਾਤਾਂ 'ਚ ਹੋਈ ਮੌਤ ਦੇ ਮਾਮਲੇ 'ਚ ਥਾਣਾ ਫੋਕਲ ਪੁਆਇੰਟ ਪੁਲਿਸ ਨੇ ਗੈਰ ਇਰਾਦਤਨ ਕਤਲ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਇਹ ਪਰਚਾ ਮਿ੍ਤਕ ਦੀ ਪਤਨੀ ਗਿਆਨ ਮਤੀ ਦੇ ਬਿਆਨਾਂ ਉਪਰ ਫੈਕਟਰੀ ਦੇ ਮਾਲਕ ਕਰਮਜੀਤ ਸਿੰਘ ਨਾਗਰਾ ਦੇ ਖਿਲਾਫ ਦਰਜ ਕੀਤਾ ਹੈ। ਦੱਸਣਯੋਗ ਹੈ ਕਿ ਜੀਵਨ ਨਗਰ ਦੀ ਗਲੀ ਨੰਬਰ 18 'ਚ ਨਾਗਰਾ ਫੋਰਜ਼ਿੰਗ ਨਾਮਕ ਫੈਕਟਰੀ 'ਚ ਕੰਮ ਕਰਨ ਵਾਲਾ ਪਰਮੇਸ਼ਵਰ ਦੀਨ ਸਵੇਰੇ ਫੈਕਟਰੀ 'ਚ ਸੱਟ ਲੱਗਣ ਕਾਰਨ ਸ਼ੱਕੀ ਹਾਲਾਤ 'ਚ ਦਮ ਤੋੜ ਗਿਆ। ਮਿ੍ਤਕ ਪਰਮੇਸ਼ਵਰ ਦੀਨ ਦੀ ਪਤਨੀ ਗਿਆਨ ਮਿਤੀ ਮੁਤਾਬਕ ਉਸ ਦਾ ਪਤੀ ਨਾਗਰਾ ਫੋਰਜ਼ਿੰਗ 'ਚ ਗਰਮ ਭੱਠੀ 'ਤੇ ਕੰਮ ਕਰਦਾ ਸੀ।

ਹਾਦਸੇ ਵਾਲੇ ਦਿਨ ਸਵੇਰੇ ਕਰੀਬ 10 ਵਜੇ ਉਸ ਨੂੰ ਇਕ ਫੈਕਟਰੀ ਵਰਕਰ ਦਾ ਫੋਨ ਆਇਆ ਜਿਸ ਨੇ ਗਿਆਨ ਮਤੀ ਨੂੰ ਫੋਨ ਕਰਕੇ ਦੱਸਿਆ ਕਿ ਉਸ ਦਾ ਪਤੀ ਪਰਮੇਸ਼ਵਰ ਦੀਨ ਕੰਮ ਕਰਦੇ ਹੋਏ ਫੱਟੜ ਹੋ ਗਿਆ ਹੈ। ਇਹ ਖਬਰ ਮਿਲਣ 'ਤੇ ਜਦ ਉਹ ਫੈਕਟਰੀ ਪੁੱਜੀ ਤਾਂ ਵੇਖਿਆ ਕਿ ਉਸ ਦੇ ਪਤੀ ਨੂੰ ਫੈਕਟਰੀ ਦੇ ਗੇਟ ਅੰਦਰ ਬੋਰੀ ਵਿਛਾ ਕੇ ਲਿਟਾਇਆ ਹੋਇਆ ਸੀ। ਉਹ ਆਪਣੇ ਪਤੀ ਨੂੰ ਲੈ ਕੇ ਫੋਰਟਿਸ ਹਸਪਤਾਲ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ। ਗਿਆਨਮਤੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੋਸ਼ ਲਾਇਆ ਕਿ ਫੈਕਟਰੀ ਮਾਲਕ ਦੀ ਅਣਗਹਿਲੀ ਕਾਰਨ ਹੀ ਫੈਕਟਰੀ 'ਚ ਹਾਦਸਾ ਹੋਇਆ ਤੇ ਉਸ ਦੇ ਪਤੀ ਦੀ ਜਾਨ ਚਲੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਜੇ ਹਾਦਸੇ ਮਗਰੋਂ ਉਸ ਦੇ ਪਤੀ ਦਾ ਸਮਾਂ ਰਹਿੰਦੇ ਇਲਾਜ ਕਰਵਾਇਆ ਹੁੰਦਾ ਤਾਂ ਉਸ ਦੇ ਪਤੀ ਦੀ ਜਾਨ ਨਾ ਜਾਂਦੀ। ਉਕਤ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਫੈਕਟਰੀ ਮਾਲਕ ਕਰਮਜੀਤ ਸਿੰਘ ਨਾਗਰਾ ਖ਼ਿਲਾਫ਼ ਪਰਚਾ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।