ਪੰਜਾਬੀ ਜਾਗਰਣ ਟੀਮ, ਸ੍ਰੀ ਮਾਛੀਵਾੜਾ ਸਾਹਿਬ : ਰੋਪੜ ਰੋਡ 'ਤੇ ਸਥਿਤ ਪਿੰਡ ਸ਼ੇਰੀਆਂ ਨੇੜੇ ਇਕ ਪਰਾਲੀ ਨਾਲ ਭਰੇ ਟਰੱਕ ਨੂੰ ਉਸ ਵੇਲੇ ਅੱਗ ਨੇ ਆਪਣੀ ਲਪੇਟ 'ਚ ਲੈ ਲਿਆ ਜਦੋਂ ਸੜਕ 'ਤੇ ਲੱਗੀਆਂ ਬਿਜਲੀ ਦੀਆਂ ਤਾਰਾਂ ਨਾਲ ਸ਼ਾਰਟ ਸਰਕਟ ਹੋ ਗਿਆ। ਜਾਣਕਾਰੀ ਅਨੁਸਾਰ ਟਰੱਕ ਡਰਾਇਵਰ ਆਸ-ਪਾਸ ਦੇ ਖੇਤਾਂ 'ਚੋਂ ਪਰਾਲੀ ਲੱਦ ਕੇ ਬੱਦੀ ਵਿਖੇ ਗਊਸ਼ਾਲਾ ਲੈ ਕੇ ਜਾ ਰਿਹਾ ਸੀ ਕਿ ਅਚਾਨਕ ਹੀ ਸੜਕ 'ਤੇ ਲੱਗੇ ਬਿਜਲੀ ਦੇ ਖੰਭਿਆਂ ਵਾਲੀਆਂ ਤਾਰਾਂ ਨਾਲ ਟਰੱਕ 'ਚ ਲੱਦੇ ਬੰਡਲ ਲੱਗਣ ਕਾਰਨ ਪਰਾਲੀ ਨੂੰ ਅੱਗ ਲੱਗ ਗਈ।

ਟਰੱਕ ਡਰਾਈਵਰ ਨੇ ਅੱਗ ਬਾਰੇ ਪਤਾ ਲੱਗਣ 'ਤੇ ਤੁਰੰਤ ਗੱਡੀ ਬੰਦ ਕਰਕੇ ਬਾਹਰ ਛਾਲ ਮਾਰ ਦਿੱਤੀ ਤੇ ਆਸ-ਪਾਸ ਦੇ ਲੋਕਾਂ ਨੂੰ ਅੱਗ ਬੁਝਾਉਣ ਲਈ ਫ਼ਰਿਆਦ ਕੀਤੀ ਤੇ ਫਾਇਰ ਬਿ੍ਗੇਡ ਨੂੰ ਜਾਣਕਾਰੀ ਦਿੱਤੀ। ਪਤਾ ਲੱਗਣ 'ਤੇ ਫਾਇਰ ਬਿ੍ਗੇਡ ਦੀਆਂ ਗੱਡੀਆਂ ਕੁਝ ਸਮੇਂ ਬਾਅਦ ਹੀ ਉਥੇ ਪੁੱਜ ਗਈਆਂ ਜਿਨ੍ਹਾਂ ਆ ਕੇ ਬੜੀ ਮੁਸ਼ੱਕਤ ਨਾਲ ਅੱਗ 'ਤੇ ਕਾਬੂ ਪਾਇਆ। ਇਹ ਅੱਗ ਲੱਗਣ ਨਾਲ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ ਪਰ ਟਰੱਕ 'ਚ ਲੱਦੀ ਪਰਾਲੀ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਟਰੱਕ ਨੂੰ ਵੀ ਕਾਫ਼ੀ ਨੁਕਸਾਨ ਪੁੱਜਾ ਹੈ।