ਪੱਤਰ ਪੇ੍ਰਰਕ, ਖੰਨਾ : ਪਿੰਡ ਰਤਨਹੇੜੀ ਦੇ ਸ਼ਮਸ਼ਾਨਘਾਟ ਲਾਗੇ ਰੇਲਵੇ ਟਰੈਕ 'ਤੇ ਰੇਲਗੱਡੀ ਦੀ ਲਪੇਟ 'ਚ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਮਿ੍ਤਕ ਦੀ ਪਛਾਣ ਨਹੀਂ ਹੋ ਸਕੀ ਹੈ। ਜੀਆਰਪੀ ਚੌਕੀ ਖੰਨਾ ਦੇ ਇੰਚਾਰਜ ਏਐੱਸਆਈ ਕੁਲਦੀਪ ਸਿੰਘ ਨੇ ਦੱਸਿਆ ਅੱਜ ਦੁਪਹਿਰ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਿੰਡ ਰਤਨਹੇੜੀ ਨੇੜੇ ਇਕ ਵਿਅਕਤੀ ਦੀ ਕਿਸੇ ਰੇਲਗੱਡੀ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਗਈ ਹੈ। ਸੂਚਨਾ ਮਿਲਣ ਬਾਅਦ ਉਨ੍ਹਾਂ ਪੁਲਿਸ ਮੁਲਾਜ਼ਮਾਂ ਨਾਲ ਘਟਨਾ ਸਥਾਨ 'ਤੇ ਪੁੱਜ ਕੇ ਲਾਸ਼ ਦਾ ਮੁਆਇਨਾ ਕੀਤਾ। ਉਨ੍ਹਾਂ ਦੱਸਿਆ ਕਰੀਬ 50-55 ਸਾਲ ਉਮਰ ਦਰਮਿਆਨ ਦੇ ਜਾਪਦੇ ਦਾੜੀ ਕੇਸ ਰੱਖੇ ਹੋਏ ਮਿ੍ਤਕ ਨੇ ਸਫੇਦ ਰੰਗ ਦਾ ਕੁੜਤਾ ਪਜਾਮਾ ਪਹਿਨਿਆ ਹੋਇਆ ਹੈ। ਉਸ ਕੋਲੋਂ ਕੋਈ ਪਛਾਣ ਪੱਤਰ ਨਾ ਮਿਲਣ ਕਾਰਨ ਸ਼ਨਾਖਤ ਨਹੀਂ ਹੋ ਸਕੀ ਹੈ। ਉਨ੍ਹਾਂ ਕਿਹਾ ਕਿ ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਖੰਨਾ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ।