ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਧਮਕੀਆਂ ਤੋਂ ਘਬਰਾਏ ਇਕ ਟਰੈਵਲ ਏਜੰਟ ਨੇ ਸੁਸਾਈਡ ਨੋਟ 'ਚ ਚਾਰ ਵਿਅਕਤੀਆਂ ਦਾ ਨਾਂ ਲਿਖ ਕੇ ਨਹਿਰ 'ਚ ਛਾਲ ਮਾਰ ਦਿੱਤੀ। ਥਾਣਾ ਸਦਰ ਦੀ ਪੁਲਿਸ ਨੇ ਨਿਹਾਲ ਸਿੰਘ ਵਾਲਾ ਦੀ ਨਹਿਰ 'ਚੋਂ ਲਾਸ਼ ਬਰਾਮਦ ਕਰ ਲਈ ਹੈ। ਇਸ ਮਾਮਲੇ 'ਚ ਪੁਲਿਸ ਨੇ ਮ੍ਰਿਤਕ ਟਰੈਵਲ ਏਜੰਟ ਹਰਜੀਤ ਸਿੰਘ ਦੇ ਭਰਾ ਅਹਿਮਦਗੜ੍ਹ ਦੇ ਵਾਸੀ ਜਗਜੀਤ ਸਿੰਘ ਦੇ ਬਿਆਨਾਂ ਉੱਪਰ ਲੁਧਿਆਣਾ ਦੇ ਹੀ ਰਹਿਣ ਵਾਲੇ ਦੀਪਾ ਬਿਦੇਸ਼ਾਂ, ਦਰਸ਼ੀ, ਪੱਪੂ ਠੀਕਰੀਵਾਲ ਤੇ ਨਰਜੀਤ ਭਾਈ ਰੂਪਾ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਮੁਕੱਦਮਾ ਦਰਜ ਕਰ ਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦਿਆਂ ਜਗਜੀਤ ਸਿੰਘ ਨੇ ਦੱਸਿਆ ਕਿ ਦੀਪਾ ਬਿਦੇਸ਼ਾਂ, ਦਰਸ਼ੀ, ਪੱਪੂ ਅਤੇ ਨਰਜੀਤ ਉਸ ਦੇ ਭਰਾ ਹਰਜੀਤ ਸਿੰਘ ਨੂੰ ਬੇਹੱਦ ਪਰੇਸ਼ਾਨ ਕਰ ਰਹੇ ਸਨ। ਉਹ ਅਕਸਰ ਹਰਜੀਤ ਤੇ ਉਸ ਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦਿੰਦੇ ਸਨ। ਜੜਤੌਲੀ ਦਾ ਰਹਿਣ ਵਾਲਾ ਹਰਜੀਤ ਤੜਕੇ ਆਪਣੇ ਘਰੋਂ ਇਕ ਕਿਲੋਮੀਟਰ ਦੂਰ ਡੇਅਰੀ ਫਾਰਮ 'ਤੇ ਗਿਆ ਤੇ ਉਸ ਨੇ ਸੁਸਾਈਡ ਨੋਟ ਲਿਖਿਆ। ਸੁਸਾਈਡ ਨੋਟ 'ਚ ਹਰਜੀਤ ਨੇ ਚਾਰਾਂ ਮੁਲਜ਼ਮਾਂ ਦਾ ਨਾਂ ਲਿਖ ਕੇ ਇਹ ਸਾਫ਼ ਕੀਤਾ ਕਿ ਉਹ ਇਨ੍ਹਾਂ ਮੁਲਜ਼ਮਾਂ ਤੋਂ ਹੀ ਪਰੇਸ਼ਾਨ ਹੋ ਕੇ ਮੌਤ ਨੂੰ ਗਲੇ ਲਗਾਉਣ ਜਾ ਰਿਹਾ ਹੈ। ਸੁਸਾਈਡ ਨੋਟ ਡੇਅਰੀ ਫਾਰਮ ਤੇ ਹੀ ਛੱਡ ਕੇ ਉਸ ਨੇ ਨਾਰੰਗਵਾਲ ਵਾਲੀ ਨਹਿਰ 'ਚ ਛਲਾਂਗ ਮਾਰ ਕੇ ਖੁਦਕੁਸ਼ੀ ਕਰ ਲਈ।

ਸੈਂਪਲ ਭੇਜੇ ਫੋਰੈਂਸਿਕ ਜਾਂਚ ਲਈ

ਇਸ ਮਾਮਲੇ ' ਚ ਜਾਂਚ ਅਧਿਕਾਰੀ ਏਐੱਸਆਈ ਪ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਪਾਰਟੀ ਨੇ ਨਿਹਾਲ ਸਿੰਘ ਵਾਲਾ ਦੀ ਨਹਿਰ 'ਚੋਂ ਅਧੇੜ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਹੈ। ਮੁੱਢਲੀ ਜਾਂਚ ਤੋਂ ਇੰਝ ਹੀ ਜਾਪ ਰਿਹਾ ਹੈ ਕਿ ਲਾਸ਼ ਹਰਜੀਤ ਦੀ ਹੀ ਹੈ। ਲਾਸ਼ ਦੀ ਹਾਲਤ ਖਰਾਬ ਦੇਖਦਿਆਂ ਪੁਲਿਸ ਨੇ ਡੀਐੱਨਏ ਜਾਂਚ ਲਈ ਸੈਂਪਲ ਫੋਰੈਂਸਿਕ ਲੈਬ ਭੇਜ ਦਿੱਤੇ ਹਨ।

ਪੈਸੇ ਦੀ ਦੇਣਦਾਰੀ ਦੇ ਚੱਲਦੇ ਮੁਲਜ਼ਮ ਕਰ ਰਹੇ ਸਨ ਪਰੇਸ਼ਾਨ

ਜਾਂਚ ਅਧਿਕਾਰੀ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਜਦੋਂ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਤਾਂ ਸਾਹਮਣੇ ਆਇਆ ਕਿ ਮ੍ਰਿਤਕ ਹਰਜੀਤ ਸਿੰਘ ਨੇ ਕੁਝ ਸਮਾਂ ਪਹਿਲਾਂ ਚਾਰਾਂ ਮੁਲਜ਼ਮਾਂ ਕੋਲੋਂ ਉਨ੍ਹਾਂ ਦੇ ਬੱਚਿਆਂ ਨੂੰ ਵਿਦੇਸ਼ ਭੇਜਣ ਦੀ ਗੱਲ ਆਖ ਕੇ ਪੈਸੇ ਲਏ ਸਨ। ਪੈਸੇ ਵਾਪਸ ਨਾ ਕਰਨ ਦੀ ਸੂਰਤ 'ਚ ਚਾਰੇ ਮੁਲਜ਼ਮ ਹਰਜੀਤ ਨੂੰ ਪਰੇਸ਼ਾਨ ਕਰ ਰਹੇ ਸਨ। ਜਿਸ ਕਾਰਨ ਹਰਜੀਤ ਨੇ ਖੁਦਕੁਸ਼ੀ ਕਰ ਲਈ।

Posted By: Seema Anand