ਐੱਸਪੀ ਜੋਸ਼ੀ, ਲੁਧਿਆਣਾ:ਸਥਾਨਕ ਸਮਰਾਲਾ ਫਲਾਈ ਓਵਰ ਦੇ ਨਜ਼ਦੀਕ ਸੜਕ ਹਾਦਸੇ ਵਿਚ ਫੱਟੜ ਹੋਏ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਕਤ ਮਾਮਲੇ ਵਿਚ ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲਿਸ ਨੇ ਗੁਰੂ ਤੇਗ ਬਹਾਦਰ ਨਗਰ ਦੇ ਰਹਿਣ ਵਾਲੇ ਗੁਡੂ ਕੁਮਾਰ ਗੁਪਤਾ ਦੇ ਬਿਆਨ ਉਪਰ ਹਰਿਆਣਾ ਦੇ ਰਹਿਣ ਵਾਲੇ ਮੁਲਜ਼ਮ ਵਾਹਨ ਚਾਲਕ ਬਲਵੰਤ ਰਾਏ ਖਿਲਾਫ ਵੱਖ ਵੱਖ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਹੈ।

ਸ਼ਿਕਾਇਤਕਰਤਾ ਗੁੱਡੂ ਕੁਮਾਰ ਗੁਪਤਾ ਮੁਤਾਬਕ ਉਹ ਆਪਣੇ ਸਾਲੇ ਮੂਲ ਰੂਪ ਵਿਚ ਬਲੀਆ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਤੀਸ਼ ਕੁਮਾਰ ਨਾਲ ਸਬਜ਼ੀ ਮੰਡੀ ਵੱਲ ਜਾ ਰਿਹਾ ਸੀ। ਸਵੇਰੇ ਕਰੀਬ ਸਾਢੇ ਛੇ ਵਜੇ ਜਦ ਉਹ ਸਮਰਾਲਾ ਫਲਾਈਓਵਰ ਪੁਲ ਉਤਰ ਰਹੇ ਸਨ ਤਾਂ ਇਕ ਤੇਜ਼ ਰਫ਼ਤਾਰ ਟਰੱਕ ਦੇ ਚਾਲਕ ਨੇ ਅਣਗਹਿਲੀ ਨਾਲ ਵਾਹਨ ਚਲਾਉਂਦੇ ਹੋਏ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਮੁਦਈ ਅਤੇ ਉਸਦਾ ਸਾਲਾ ਗੰਭੀਰ ਰੂਪ ਵਿੱਚ ਫੱਟੜ ਹੋ ਗਿਆ । ਕੁਝ ਸਮਾਂ ਬਾਅਦ ਹੀ ਗੰਭੀਰ ਰੂਪ ਵਿੱਚ ਫੱਟੜ ਸਤੀਸ਼ ਕੁਮਾਰ ਨੇ ਦਮ ਤੋੜ ਦਿੱਤਾ। ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਸੁਖਜੀਤ ਸਿੰਘ ਮੁਤਾਬਕ ਮੁਲਜ਼ਮ ਵਾਹਨ ਚਾਲਕ ਬਲਵੰਤ ਰਾਏ ਖ਼ਿਲਾਫ਼ ਪਰਚਾ ਦਰਜ ਕਰਕੇ ਗ੍ਰਿਫਤਾਰੀ ਲਈ ਉੱਦਮ ਸ਼ੁਰੂ ਕਰ ਦਿੱਤੇ ਗਏ ਹਨ।

Posted By: Sandip Kaur