ਪੱਤਰ ਪ੍ਰੇਰਕ, ਸ਼੍ਰੀ ਮਾਛੀਵਾੜਾ ਸਾਹਿਬ : ਪਿੰਡ ਤੱਖਰਾਂ-ਖੋਖਰਾਂ ਵਿਖੇ ਅੱਠਵੀਂ ਜਮਾਤ ’ਚ ਪੜ੍ਹਦੀ ਨਾਬਾਲਗ ਲੜਕੀ ਵਰਸ਼ਾ (14) ਨੇ ਆਪਣੇ ਘਰ ’ਚ ਹੀ ਪੱਖੇ ਨਾਲ ਗਲ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ। ਮ੍ਰਿਤਕ ਲੜਕੀ ਦੇ ਪਿਤਾ ਪਿੰਟੂ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਮਜ਼ਦੂਰੀ ਕਰਦੇ ਹਨ ਤੇ ਰੋਜ਼ਾਨਾ ਦੀ ਤਰ੍ਹਾਂ ਉਹ ਤੇ ਉਸਦੀ ਪਤਨੀ ਕੰਮ ’ਤੇ ਚਲੇ ਗਏ। ਪਿੱਛੋਂ ਘਰ ’ਚ ਲੜਕੀ ਇਕੱਲੀ ਸੀ ਤੇ ਉਸਨੇ ਪੱਖੇ ਨਾਲ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ ਜਿਸ ਕਾਰਨ ਉਸਦੀ ਲਾਸ਼ ਲਟਕਦੀ ਮਿਲੀ। ਪਰਿਵਾਰਕ ਮੈਂਬਰਾਂ ਅਨੁਸਾਰ ਵਰਸ਼ਾ ਨੇੜਲੇ ਹੀ ਪਿੰਡ ਦੇ ਸਰਕਾਰੀ ਸਕੂਲ ’ਚ ਅੱਠਵੀਂ ਜਮਾਤ ਦੀ ਵਿਦਿਆਰਥਣ ਸੀ ਤੇ ਪਿਛਲੇ 4 ਦਿਨਾਂ ਤੋਂ ਉਹ ਸਕੂਲ ਵੀ ਨਹੀਂ ਜਾ ਰਹੀ ਸੀ। ਜਦੋਂ ਉਸਨੂੰ ਸਕੂਲ ਨਾ ਜਾਣ ਬਾਰੇ ਪੁੱਛਿਆ ਤਾਂ ਉਸਵ ਨੇ ਇਹੀ ਕਿਹਾ ਕਿ 15 ਮਾਰਚ ਤੋਂ ਇਮਤਿਹਾਨ ਸ਼ੁਰੂ ਹੋ ਰਹੇ ਹਨ ਤੇ ਉਹ ਉਦੋਂ ਹੀ ਸਕੂਲ ਜਾਵੇਗੀ।

ਸਹਾਇਕ ਥਾਣੇਦਾਰ ਜਰਨੈਲ ਸਿੰਘ ਨੇ ਦੱਸਿਆ ਕਿ ਘਰ ’ਚੋਂ ਕੋਈ ਵੀ ਲੜਕੀ ਵਲੋਂ ਲਿਖਿਆ ਸੁਸਾਇਡ ਨੋਟ ਨਹੀਂ ਮਿਲਿਆ ਜਿਸ ਤੋਂ ਸਪੱਸ਼ਟ ਹੋ ਸਕੇ ਕਿ ਉਸਨੇ ਆਤਮ-ਹੱਤਿਆ ਕਿਉਂ ਕੀਤੀ ਤੇ ਪਰਿਵਾਰਕ ਮੈਂਬਰ ਵੀ ਹੈਰਾਨ ਹਨ ਕਿ ਲੜਕੀ ਨੂੰ ਅਜਿਹੀ ਕੀ ਪ੍ਰੇਸ਼ਾਨੀ ਸੀ ਕਿ ਉਸਨੇ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਪੁਲਿਸ ਵਲੋਂ ਫਿਲਹਾਲ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ’ਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਨਾਬਾਲਗ ਲੜਕੀ ਨੇ ਆਤਮ-ਹੱਤਿਆ ਕਿਉਂ ਕੀਤੀ।

Posted By: Ravneet Kaur