ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਕੰਮ ਤੋਂ ਘਰ ਪਰਤ ਰਹੇ ਸਾਈਕਲ ਸਵਾਰ ਵਿਅਕਤੀ ਨੂੰ ਤੇਜ਼ ਰਫਤਾਰ ਟਰੈਕਟਰ ਨੇ ਕੁਚਲ ਦਿੱਤਾ । ਇਸ ਹਾਦਸੇ ਦੇ ਦੌਰਾਨ ਸਾਈਕਲ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ । ਥਾਣਾ ਸਦਰ ਦੀ ਪੁਲਿਸ ਦੇ ਮੁਤਾਬਕ ਮ੍ਰਿਤਕ ਦੀ ਪਛਾਣ ਨਿਊ ਸੁੰਦਰ ਨਗਰ ਦੇ ਰਹਿਣ ਵਾਲੇ ਸੁਨੀਲ ਦਾਸ (35) ਵਜੋਂ ਹੋਈ ਹੈ।

ਇਸ ਮਾਮਲੇ ਵਿੱਚ ਪੁਲਿਸ ਨੇ ਟਰੈਕਟਰ ਚਾਲਕ ਕਮਲੇਸ਼ ਪਾਲ ਨੂੰ ਮੌਕੇ ਤੋਂ ਹੀ ਗ੍ਰਿਫ਼ਤਾਰ ਕਰ ਲਿਆ।ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਏਐਸਆਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਨਿਊ ਸੁੰਦਰ ਨਗਰ ਦਾ ਰਹਿਣ ਵਾਲਾ ਸੁਨੀਲ ਦਾਸ ਦੇਰ ਰਾਤ ਫੈਕਟਰੀ ਤੋਂ ਛੁੱਟੀ ਕਰਕੇ ਘਰ ਜਾ ਰਿਹਾ ਸੀ । ਜਿਸ ਤਰ੍ਹਾਂ ਹੀ ਉਹ ਥਰੀਕੇ ਚੌਕ ਵਿਚ ਪਹੁੰਚਿਆ ਤਾਂ ਤੇਜ਼ ਰਫਤਾਰ ਟਰੈਕਟਰ ਨੇ ਸਾਈਕਲ ਸਵਾਰ ਸੁਨੀਲ ਨੂੰ ਟੱਕਰ ਮਾਰ ਦਿੱਤੀ।ਟਰੈਕਟਰ ਹੇਠਾਂ ਆਉਣ ਕਾਰਨ ਸੁਨੀਲ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਚਾਰ ਬੱਚੇ ਛੱਡ ਗਿਆ ਹੈ । ਇਸ ਮਾਮਲੇ ਵਿਚ ਥਾਣਾ ਸਦਰ ਦੀ ਪੁਲਿਸ ਨੇ ਥਰੀਕੇ ਦੇ ਰਹਿਣ ਵਾਲੇ ਟਰੈਕਟਰ ਚਾਲਕ ਕਮਲੇਸ਼ ਪਾਲ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ।

Posted By: Jagjit Singh