ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਪਲਾਸਟਿਕ ਦੀ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਛੇ ਵਰ੍ਹਿਆਂ ਦੇ ਮਾਸੂਮ ਦੀ ਮੌਤ ਹੋ ਗਈ।ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਈਸ਼ਵਰ ਨਗਰ ਦਾ ਰਹਿਣ ਵਾਲਾ ਮਾਸੂਮ ਦਕਸ਼ (6) ਆਪਣੇ ਮਾਤਾ ਪਿਤਾ ਨਾਲ ਸਕੂਟਰ ਤੇ ਸਵਾਰ ਹੋ ਕੇ ਘਰ ਵਾਪਸ ਪਰਤ ਰਿਹਾ ਸੀ। ਇਸ ਮਾਮਲੇ ਵਿਚ ਥਾਣਾ ਸਦਰ ਦੀ ਪੁਲਿਸ ਨੇ ਬੱਚੇ ਦੇ ਪਿਤਾ ਧਰੁਵ ਗਿਰੀ ਦੇ ਬਿਆਨ ਉਪਰ ਅਣਪਛਾਤੇ ਮੁਲਜ਼ਮ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਜਾਣਕਾਰੀ ਮੁਤਾਬਕ ਈਸ਼ਰ ਨਗਰ ਦਾ ਰਹਿਣ ਵਾਲਾ ਕਾਰਾਂ ਦਾ ਮਕੈਨਿਕ ਧਰੁਵ ਗਿਰੀ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਕਿਸੇ ਕੰਮ ਲਈ ਲੋਹਾਰਾ ਇਲਾਕੇ ਵਿੱਚ ਗਿਆ ਹੋਇਆ ਸੀ।15 ਅਗਸਤ ਦੀ ਸ਼ਾਮ ਨੂੰ ਧਰੁਵ ਪਰਿਵਾਰ ਨਾਲ ਸਕੂਟਰ ਤੇ ਸਵਾਰ ਹੋ ਕੇ ਘਰ ਨੂੰ ਵਾਪਸ ਪਰਤਿਆ। ਧਰੁਵ ਦੀ ਪਤਨੀ ਅਤੇ ਛੋਟਾ ਬੱਚਾ ਸਕੂਟਰ ਦੇ ਪਿੱਛੇ ਬੈਠੇ ਸਨ ਜਦਕਿ ਦਾ ਵੱਡਾ ਪੁੱਤਰ ਦਕਸ਼ ਗਿਰੀ ਸਕੂਟਰ ਦੇ ਅੱਗੇ ਖੜ੍ਹਾ ਸੀ। ਜਿਸ ਤਰ੍ਹਾਂ ਹੀ ਪੂਰਾ ਪਰਿਵਾਰ ਗਿੱਲ ਫਲਾਈਓਵਰ ਦੇ ਉੱਪਰ ਪਹੁੰਚਿਆ ਤਾਂ ਖੂਨੀ ਡੋਰ ਦਕਸ਼ ਦੀ ਗਰਦਨ ਵਿੱਚ ਫਸ ਗਈ। ਹਾਦਸਾ ਇਸ ਕਦਰ ਭਿਆਨਕ ਸੀ ਕਿ ਉਹ ਲਹੂ ਲੁਹਾਨ ਹੋ ਗਿਆ। ਇਸ ਹਾਦਸੇ ਦੇ ਦੌਰਾਨ ਧਰੁਵ ਗਿਰੀ ਵੀ ਫੱਟਡ਼ ਹੋ ਗਿਆ। ਲਹੂ ਲੁਹਾਣ ਹੋਏ ਦਕਸ਼ ਨੂੰ ਗਰੇਵਾਲ ਹਸਪਤਾਲ ਲਿਜਾਂਦਾ ਗਿਆ ਜਿੱਥੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਹੈਰਾਨੀ ਦੀ ਗੱਲ ਤੇ ਹੈ ਕਿ ਸਖ਼ਤੀ ਦੇ ਬਾਵਜੂਦ ਵੀ ਪਲਾਸਟਿਕ ਦੀ ਡੋਰ ਵੇਚੀ ਜਾ ਰਹੀ ਹੈ। ਹਰ ਸਾਲ ਮਾਸੂਮ ਜਾਨਾਂ ਜਾ ਰਹੀਆਂ ਹਨ। ਪੰਛੀ ਵੀ ਲਗਾਤਾਰ ਇਸ ਡੋਰ ਦੀ ਲਪੇਟ ਵਿਚ ਆ ਰਹੇ ਹਨ। ਇਸ ਮਾਮਲੇ ਵਿਚ ਥਾਣਾ ਸਦਰ ਦੇ ਇੰਚਾਰਜ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਅਣਪਛਾਤੇ ਮੁਲਜ਼ਮ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।

Posted By: Jagjit Singh