ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਦੁੱਗਰੀ ਫੇਸ 1ਦੇ ਇਲਾਕੇ ਵਿੱਚ ਹਰਸਿਮਰਨ ਸਿੰਘ ਅਤੇ ਬਿਕਰਮਜੀਤ ਸਿੰਘ ਨੂੰ ਗੋਲੀਆਂ ਮਾਰਨ ਵਾਲੇ ਫੁਲਾਵਰ ਇਨਕਲੇਵ ਦੇ ਵਾਸੀ ਜਤਿੰਦਰਪਾਲ ਦੇ ਖ਼ਿਲਾਫ਼ ਥਾਣਾ ਦੁੱਗਰੀ ਦੀ ਪੁਲਿਸ ਨੇ ਇਰਾਦਾ ਕਤਲ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਦੂਸਰੀ ਧਿਰ ਖਿਲਾਫ ਕਾਰਵਾਈ ਕਰਦਿਆਂ ਥਾਣਾ ਦੁੱਗਰੀ ਦੀ ਪੁਲਿਸ ਨੇ ਲੜਾਈ ਝਗੜਾ ਤੇ ਹਮਲਾ ਕਰਨ ਦੇ ਚੱਲਦੇ ਬਿਕਰਮਜੀਤ ਸਿੰਘ ਸਮੇਤ 8 -10 ਅਣਪਛਾਤੇ ਵਿਅਕਤੀਆਂ ਤੇ ਵੀ ਕਰੌਸ ਐਫਆਈਆਰ ਦਰਜ ਕੀਤੀ ਹੈ। ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਦਾ ਕਹਿਣਾ ਹੈ ਕਿ ਕਾਨੂੰਨ ਨੂੰ ਹੱਥ ਵਿੱਚ ਲੈਣ ਵਾਲੇ ਕਿਸੇ ਵੀ ਵਿਅਕਤੀ ਨੂੰ ਨਹੀਂ ਬਖਸ਼ਿਆ ਜਾਵੇਗਾ।

ਇੰਜ ਹੋਈ ਸੀ ਫਾਇਰਿੰਗ

14 ਅਗਸਤ ਦੀ ਦੇਰ ਸ਼ਾਮ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਸੂਬਾ ਪੱਧਰੀ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਸ਼ਹਿਰ ਵਿੱਚ ਆਏ ਸਨ। ਮੁੱਖ ਮੰਤਰੀ ਦੇ ਆਉਣ 'ਤੇ ਸ਼ਹਿਰ ਦੇ ਚੱਪੇ-ਚੱਪੇ ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ। ਅਰਬਨ ਅਸਟੇਟ ਦਾ ਰਹਿਣ ਵਾਲਾ ਹਰਸਿਮਰਨ ਸਿੰਘ ਅਤੇ ਉਸ ਦਾ ਦੋਸਤ ਬਿਕਰਮਜੀਤ ਸਿੰਘ ਫੇਸ 1 ਵਿੱਚ ਘੁੰਮਣ ਲਈ ਆਏ। ਜਤਿੰਦਰਪਾਲ ਸਿੰਘ ਮਾਰਕੀਟ ਵਿਚ ਕਰੂਜ਼ ਕਾਰ ਵਿੱਚ ਪਹਿਲਾਂ ਤੋਂ ਹੀ ਬੈਠਾ ਸੀ। ਸੂਤਰਾਂ ਮੁਤਾਬਕ ਖਰੜ ਵਿਚ ਚਲ ਰਹੇ ਪ੍ਰਾਪਰਟੀ ਦੇ ਮਸਲੇ ਨੂੰ ਲੈ ਕੇ ਦੋਵਾਂ ਵਿਚਕਾਰ ਬਹਿਸ ਹੋ ਗਈ। ਪੁਲਿਸ ਦੇ ਮੁਤਾਬਕ ਝਗੜਾ ਬਹੁਤ ਜ਼ਿਆਦਾ ਵਧ ਗਿਆ ਤੇ ਦੋਵੇਂ ਧਿਰਾਂ ਇੱਕ ਦੂਜੇ ਨਾਲ ਲੜਾਈ ਕਰਨ ਲੱਗ ਪਈਆਂ। ਇਸੇ ਦੌਰਾਨ ਜਤਿੰਦਰਪਾਲ ਸਿੰਘ ਨੇ ਆਪਣੇ ਲਾਈਸੈਂਸੀ ਰਿਵਾਲਵਰ ਨਾਲ ਫਾਇਰ ਕਰ ਦਿੱਤੇ। ਇਕ ਗੋਲੀ ਬਿਕਰਮਜੀਤ ਸਿੰਘ ਦੇ ਪੇਟ ਵਿੱਚ ਲੱਗੀ ਅਤੇ ਇੱਕ ਗੋਲੀ ਹਰਸਿਮਰਨ ਸਿੰਘ ਦੇ ਪੱਟ ਵਿੱਚ ਲੱਗੀ। ਝਗੜੇ ਦੇ ਦੌਰਾਨ ਜਤਿੰਦਰਪਾਲ ਵੀ ਗੰਭੀਰ ਰੂਪ ਵਿੱਚ ਫੱਟੜ ਹੋ ਗਿਆ। ਇਸ ਮਾਮਲੇ ਵਿੱਚ ਪੁਲਿਸ ਨੇ ਜਤਿੰਦਰਪਾਲ ਦੇ ਖਿਲਾਫ ਇਰਾਦਾ ਕਤਲ ਅਸਲਾ ਐਕਟ ਅਤੇ ਦੂਜੀ ਧਿਰ ਦੇ ਬਿਕਰਮਜੀਤ ਅਤੇ 8-10 ਅਣਪਛਾਤੇ ਵਿਅਕਤੀਆਂ ਦੇ ਖਿਲਾਫ ਲੜਾਈ ਝਗੜੇ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੇ ਮੌਕੇ ਤੋਂ 32 ਬੋਰ ਦੀ ਰਿਵਾਲਵਰ ਅਤੇ ਚਾਰ ਖੋਲ ਵੀ ਬਰਾਮਦ ਕੀਤੇ ਹਨ।

ਜਤਿੰਦਰਪਾਲ ਦੇ ਪਰਿਵਾਰਕ ਮੈਂਬਰਾਂ ਨੇ ਕੀਤੀ ਪ੍ਰੈੱਸ ਕਾਨਫਰੰਸ

ਉਧਰ ਦੂਜੇ ਪਾਸੇ ਜਤਿੰਦਰਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪ੍ਰੈੱਸ ਕਾਨਫਰੰਸ ਕਰ ਕੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਆਖਿਆ ਕਿ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ । ਉਨ੍ਹਾਂ ਆਖਿਆ ਕਿ ਗੋਲੀ ਸੈਲਫ ਡਿਫੈਂਸ ਵਿਚ ਚਲਾਈ ਗਈ ਸੀ।ਜਤਿੰਦਰਪਾਲ ਸਿੰਘ ਦੀ ਪਤਨੀ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਦਸਿਆ ਕਿ ਜਤਿੰਦਰਪਾਲ ਗੰਭੀਰ ਰੂਪ ਵਿਚ ਫੱਟੜ ਹੋਏ ਹਨ ਜਿਸ ਦੇ ਚੱਲਦੇ ਵਿਰੋਧੀ ਧਿਰ ਦੇ ਵਿਅਕਤੀਆਂ ਦੇ ਖਿਲਾਫ ਇਰਾਦਾ ਕਤਲ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਜਾਵੇ।

Posted By: Sarabjeet Kaur